ਕੁਝ ਪੈਸਿਆਂ ਖਾਤਰ ਪ੍ਰਵਾਸੀ ਮਜ਼ਦੂਰਾਂ ਨੇ ਸਾਥੀ ਦਾ ਕੀਤਾ ਸੀ ਕਤਲ, ਕਾਬੂ ਮੁਲਜ਼ਮਾਂ ਦੀ ਨਿਸ਼ਾਨਦੇਹੀ 'ਤੇ ਕੱਢੀ ਲਾਸ਼

ਤਪਾ ਮੰਡੀ, (ਬਰਨਾਲਾ), 12 ਸਤੰਬਰ (ਵਿਜੇ ਸ਼ਰਮਾ)-ਤਪਾ ਖੇਤਰ ਅੰਦਰ ਕੁਝ ਮਹੀਨੇ ਪਹਿਲਾਂ ਬਿਹਾਰ ਤੋਂ ਝੋਨੇ ਦੀ ਫ਼ਸਲ ਲਾਉਣ ਆਏ ਵਿਅਕਤੀਆਂ ਨੇ ਆਪਣੇ ਹੀ ਸਾਥੀ ਦਾ ਕਤਲ ਕਰਕੇ ਉਸ ਦੀ ਮ੍ਰਿਤਕ ਦੇਹ ਨੂੰ ਤਪਾ ਢਿੱਲਵਾਂ ਡਰੇਨ ਕੋਲ ਖੇਤਾਂ ਵਿਚ ਦੱਬ ਦਿੱਤਾ ਪਰ ਪੁਲਿਸ ਵਲੋਂ ਕਾਬੂ ਕੀਤੇ ਦੋ ਜਣਿਆਂ ਦੀ ਨਿਸ਼ਾਨਦੇਹੀ ਉਤੇ ਤਪਾ ਢਿੱਲਵਾਂ ਡਰੇਨ ਨਾਲ ਲੱਗਦੇ ਖੇਤਾਂ ਵਿਚੋਂ ਮ੍ਰਿਤਕ ਦੀ ਦੇਹ ਪੁਲਿਸ ਵਲੋਂ ਬੜੀ ਜੱਦੋ-ਜਹਿਦ ਨਾਲ ਕੱਢੀ ਜਾ ਰਹੀ ਸੀ ਪਰ ਪੁਲਿਸ ਨੂੰ ਮ੍ਰਿਤਕ ਵਿਅਕਤੀ ਦੀ ਦੇਹ ਨਹੀਂ ਮਿਲੀ ਪਰ ਕੁਝ ਦਿਨ ਬੀਤ ਜਾਣ ਬਾਅਦ ਪੁਲਿਸ ਨੇ ਇਕ ਹੋਰ ਵਿਅਕਤੀ ਨੂੰ ਅਤੇ ਪਹਿਲਾਂ ਕਾਬੂ ਕੀਤੇ ਦੋ ਜਣਿਆਂ ਨੂੰ ਮੁੜ ਡਰੇਨ ਨਾਲ ਲੱਗਦੇ ਖੇਤਾਂ ਵਿਚ ਲੈ ਕੇ ਗਈ ਤਾਂ ਪੁਲਿਸ ਨੇ ਕਾਫੀ ਜੱਦੋ-ਜਹਿਦ ਬਾਅਦ ਮ੍ਰਿਤਕ ਵਿਅਕਤੀ ਦੀ ਦੇਹ ਦੇ ਪਿੰਜਰ ਨੂੰ ਕੱਢ ਕੇ ਕਬਜ਼ੇ ਵਿਚ ਲੈ ਲਿਆ। ਇਸ ਮੌਕੇ ਡੀ.ਐਸ.ਪੀ. ਗੁਰਬਿੰਦਰ ਸਿੰਘ, ਪੁਲਿਸ ਥਾਣਾ ਤਪਾ ਦੇ ਮੁਖੀ ਸ਼ਰੀਫ ਖਾਨ, ਤਹਿਸੀਲਦਾਰ ਓਂਕਾਰ ਸਿੰਘ, ਡਾਕਟਰਾਂ ਦੀ ਟੀਮ ਅਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਮ੍ਰਿਤਕ ਦੇ ਪਰਿਵਾਰਿਕ ਮੈਂਬਰ ਘਟਨਾ ਵਾਲੀ ਥਾਂ ਉਤੇ ਹਾਜ਼ਰ ਸਨ।