ਸੀਨੀਅਰ ਅਕਾਲੀ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਰਾਹਤ ਸਮੱਗਰੀ ਮੱਖੂ ਲੈ ਕੇ ਪੁੱਜੇ

ਮੱਖੂ, 3 ਸਤੰਬਰ (ਕੁਲਵਿੰਦਰ ਸਿੰਘ ਸੰਧੂ)-ਸਤਲੁਜ ਮਿਸਲ, ਹੜ੍ਹ ਪੀੜਤ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਸਾਂਝਾ ਮੋਰਚਾ ਜ਼ੀਰਾ ਵਲੋਂ ਨੈਸ਼ਨਲ ਹਾਈਵੇ 54 ਮੱਖੂ ਨਜ਼ਦੀਕ ਬੰਗਾਲੀ ਵਾਲਾ ਪੁੱਲ ਜੇ. ਜੇ. ਸੰਧੂ ਢਾਬੇ ਉਤੇ ਲਗਾਏ ਰਾਹਤ ਕੈਂਪ ਉਤੇ ਅੱਜ ਮਨਪ੍ਰੀਤ ਸਿੰਘ ਇਆਲੀ ਵਿਧਾਇਕ ਮੁੱਲਾਂਪੁਰ ਦਾਖਾ ਸੀਨੀਅਰ ਅਕਾਲੀ ਆਗੂ ਵਲੋਂ ਹੜ੍ਹ ਪੀੜਤ ਪਰਿਵਾਰਾਂ ਲਈ ਰਾਹਤ ਸਮੱਗਰੀ ਲੈ ਕੇ ਪਹੁੰਚੇ। ਉਨ੍ਹਾਂ ਨਾਲ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਵੀ ਹਾਜ਼ਰ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਨੀਅਰ ਅਕਾਲੀ ਆਗੂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਅੱਜ ਅਸੀਂ ਮੱਖੂ ਇਲਾਕੇ ਵਿਚ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਹੜ੍ਹ ਪੀੜਤ ਪਰਿਵਾਰਾਂ ਲਈ ਰਾਸ਼ਨ ਦੀਆਂ ਕਿੱਟਾਂ, ਤਰਪਾਲਾਂ ਅਤੇ ਪਸ਼ੂਆਂ ਦਾ ਅਚਾਰ ਲੈ ਕੇ ਪਹੁੰਚੇ ਹਾਂ। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦੇ ਨਾਲ ਸਾਡਾ ਅਕਾਲੀ ਦਲ ਖੜ੍ਹਾ ਹੈ ਅਤੇ ਇਨ੍ਹਾਂ ਦੇ ਹੱਕ ਦੀ ਆਵਾਜ਼ ਅਸੀਂ ਕੰਨੋਂ ਬੋਲੀਆਂ ਸਰਕਾਰਾਂ ਤੱਕ ਪਹੁੰਚਾਵਾਂਗੇ ਤਾਂ ਜੋ ਇਨ੍ਹਾਂ ਪ੍ਰਭਾਵਿਤ ਪਰਿਵਾਰਾਂ ਦਾ ਜੋ ਹੜ੍ਹਾਂ ਨਾਲ ਵੱਡਾ ਨੁਕਸਾਨ ਹੋਇਆ ਹੈ, ਉਸ ਦਾ ਮੁਆਵਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੇਕਰ ਪਹਿਲਾਂ ਹੀ ਪੁਖਤਾ ਪ੍ਰਬੰਧ ਕੀਤੇ ਹੁੰਦੇ ਤਾਂ ਅੱਜ ਪੰਜਾਬ ਹੜ੍ਹਾਂ ਦੀ ਮਾਰ ਤੋਂ ਬਚ ਸਕਦਾ ਸੀ ਕਿਉਂਕਿ ਜਦੋਂ ਮੌਸਮ ਵਿਭਾਗ ਭਾਰੀ ਬਰਸਾਤ ਦੀ ਚਿਤਾਵਨੀ ਦੇ ਰਿਹਾ ਸੀ ਤਾਂ ਥੋੜ੍ਹਾ-ਥੋੜ੍ਹਾ ਕਰਕੇ ਪਹਿਲਾਂ ਦਰਿਆਵਾਂ ਵਿਚ ਪਾਣੀ ਕਿਉਂ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਅਸੀਂ ਮੱਖੂ ਵਿਚ ਲੱਗੇ ਰਾਹਤ ਕੈਂਪਾਂ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦੇ ਹਾਂ ਜੋ ਇਨ੍ਹਾਂ ਹੜ੍ਹ ਪੀੜਤਾਂ ਦੇ ਸਹਿਯੋਗ ਵਿਚ ਦਿਨ-ਰਾਤ ਲੱਗੇ ਹੋਏ ਹਨ।