ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ 526.97 ਮੀਟਰ ਪਹੁੰਚਿਆ,7 ਫਲੱਡ ਗੇਟ ਇਕ ਮੀਟਰ ਖੋਲ੍ਹੇ
ਸ਼ਾਹਪੁਰ ਕੰਢੀ, 3 ਸਤੰਬਰ (ਰਣਜੀਤ ਸਿੰਘ)- ਪਹਾੜਾਂ ਵਿਚ ਹੋ ਰਹੀ ਲਗਾਤਾਰ ਬਾਰਿਸ਼ ਅਤੇ ਚੰਮੇਰਾ ਡੈਮ ਤੋਂ ਆ ਰਹੇ ਵਾਧੂ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਝੀਲ ਦਾ ਪੱਧਰ ਵੱਧ ਕੇ 526.97 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ ਖਤਰੇ ਦੇ ਨਿਸ਼ਾਨ ਤੋਂ ਕਰੀਬ ਇਕ ਮੀਟਰ ਘੱਟ ਹੈ। 2 ਸਤੰਬਰ ਨੂੰ ਸ਼ਾਮ 6 ਵਜੇ 1 ਲੱਖ 33 ਹਜ਼ਾਰ ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਸੀ, ਜੋ ਅੱਜ ਘੱਟ ਕੇ 50380 ਕਿਊਸਿਕ ਰਹਿ ਗਿਆ ਹੈ। ਰਣਜੀਤ ਸਾਗਰ ਡੈਮ ਦੇ 7 ਗੇਟਾਂ ਤੋਂ ਅਤੇ ਬਿਜਲੀ ਉਤਪਾਦਨ ਰਾਹੀਂ 70751 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਵਿਚ ਛੱਡਿਆ ਜਾ ਰਿਹਾ ਹੈ। ਜਦੋਂ ਕਿ ਮਾਧੋਪੁਰ ਹਾਈਡਲ ਤੋਂ 46 ਹਜ਼ਾਰ ਕਿਊਸਿਕ ਪਾਣੀ ਪਾਕਿਸਤਾਨ ਨੂੰ ਛੱਡਿਆ ਜਾ ਰਿਹਾ ਹੈ।