ਮੀਤ ਹੇਅਰ ਵਲੋਂ ਅੰਮ੍ਰਿਤਸਰ ਨੂੰ 25 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ

ਅੰਮ੍ਰਿਤਸਰ, 3 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ)- ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਬਚਾਅ ਕਾਰਜਾਂ ਤੋਂ ਬਾਅਦ ਹੁਣ ਰਾਹਤ ਦਾ ਕੰਮ ਵੱਡੇ ਪੱਧਰ ’ਤੇ ਜਾਰੀ ਹੈ। ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਸਾਰੇ ਅਧਿਕਾਰੀ ਲੋਕਾਂ ਨੂੰ ਰਾਹਤ ਪਹੁੰਚਾਉਣ ਅਤੇ ਮੁੜ ਵਸੇਬੇ ਲਈ ਲੱਗੇ ਹੋਏ ਹਨ। ਇਨ੍ਹਾਂ ਵਿਚ ਵੱਖ ਵੱਖ ਜਥੇਬੰਦੀਆਂ, ਦਾਨੀ ਸੱਜਣਾਂ ਵਲੋਂ ਵੀ ਵੱਡਾ ਸਾਥ ਮਿਲ ਰਿਹਾ ਹੈ।
ਅੱਜ ਸੰਸਦ ਮੈਂਬਰ ਸ੍ਰੀ ਰਾਘਵ ਚੱਡਾ ਅਤੇ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਅਖਤਿਆਰੀ ਕੋਟੇ ਵਿਚੋਂ ਕ੍ਰਮਵਾਰ 50 ਲੱਖ ਅਤੇ 25 ਲੱਖ ਰੁਪਏ ਦੀ ਗਰਾਂਟ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਨੂੰ ਦੇਣ ਦਾ ਐਲਾਨ ਕੀਤਾ ਹੈ।
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੂੰ ਭੇਜੇ ਗਏ ਪੱਤਰ ਵਿਚ ਸ੍ਰੀ ਰਾਘਵ ਚੱਡਾ ਨੇ ਲਿਖਿਆ ਕਿ ਪੰਜਾਬ ਤੋਂ ਸੰਸਦ ਮੈਂਬਰ ਹੋਣ ਦੇ ਨਾਤੇ ਮੈਂ ਇਸ ਸੰਕਟ ਵਿਚ ਆਪਣੇ ਲੋਕਾਂ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹਾਂ। ਉਹਨਾਂ ਅਪੀਲ ਕੀਤੀ ਕਿ ਇਹ ਪੈਸਾ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਲੋਕਾਂ ਦੀ ਮਦਦ ਲਈ ਖਰਚ ਕੀਤਾ ਜਾਵੇ।
ਇਸੇ ਦੌਰਾਨ ਸ੍ਰੀ ਮੀਤ ਹੇਅਰ ਜੋ ਕਿ ਪਿਛਲੇ ਤਿੰਨ ਦਿਨਾਂ ਤੋਂ ਖ਼ੁਦ ਆਪਣੀ ਟੀਮ ਲੈ ਕੇ ਹੜ ਪੀੜਤ ਇਲਾਕੇ ਵਿਚ ਰਾਹਤ ਦੇ ਕਾਰਜ ਕਰ ਰਹੇ ਸਨ, ਨੇ ਆਪਣੇ ਕੋਟੇ ਵਿਚੋਂ 25 ਲੱਖ ਰੁਪਏ ਦੀ ਗਰਾਂਟ ਵੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਹਤ ਦੇ ਕੰਮਾਂ ਲਈ ਦਿੱਤੀ। ਸ੍ਰੀ ਹੇਅਰ ਨੇ ਦੱਸਿਆ ਕਿ ਮੈਨੂੰ ਇਨ੍ਹਾਂ ਤਿੰਨਾਂ ਦਿਨਾਂ ਦੌਰਾਨ ਹੜ੍ਹ ਦੀ ਮਾਰ ਹੇਠ ਆਏ ਇਲਾਕੇ ਵਿਚ ਪੀੜਤ ਲੋਕਾਂ ਨੂੰ ਮਿਲਣ ਦਾ ਮੌਕਾ ਮਿਲਿਆ ਹੈ। ਉਹਨਾਂ ਕਿਹਾ ਕਿ ਇਸ ਆਫ਼ਤ ਨੇ ਵੱਡਾ ਨੁਕਸਾਨ ਕੀਤਾ ਹੈ ਪਰ ਚੰਗੀ ਗੱਲ ਇਹ ਹੈ ਕਿ ਲੋਕਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਸ ਹੈ ਕਿ ਮਾਝੇ ਦੇ ਇਹ ਜੁਝਾਰੂ ਲੋਕ ਛੇਤੀ ਹੀ ਇਸ ਸੰਕਟ ਵਿਚੋਂ ਉਭਰ ਆਉਣਗੇ। ਉਹਨਾਂ ਆਪਣੇ ਵਲੋਂ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ।