ਜ਼ਿਆਦਾ ਮੀਂਹ ਕਾਰਨ ਭਲੂਰ ਵਿਖੇ ਕਮਰੇ ਦੀ ਛੱਤ ਡਿੱਗੀ

ਨੱਥੂਵਾਲਾ ਗਰਬੀ, (ਮੋਗਾ), 1 ਸਤੰਬਰ (ਨਵਦੀਪ ਸਿੰਘ)- ਪਿਛਲੇ ਇਕ ਹਫਤੇ ਤੋਂ ਲਗਾਤਾਰ ਹੋ ਰਹੀ ਭਾਰੀ ਬਾਰਸ਼ ਲੋਕਾਂ ਲਈ ਆਫਤ ਬਣ ਗਈ ਹੈ। ਡੈਮ, ਦਰਿਆ, ਨਦੀਆਂ ਸਭ ਨੱਕੋ ਨੱਕ ਭਰੇ ਦਿਸ ਰਹੇ ਹਨ। ਪੰਜਾਬ ਵਿਚ ਫ਼ਸਲਾਂ ਬਰਬਾਦ ਹੋ ਚੁੱਕੀਆਂ ਹਨ। ਇਹ ਮੀਂਹ ਖਾਸ ਕਰਕੇ ਗਰੀਬ ਪਰਿਵਾਰਾਂ ਵਾਸਤੇ ਕਿਸੇ ਕਹਿਰ ਤੋਂ ਘੱਟ ਨਹੀ ਹੈ। ਬੀਤੇ ਰਾਤ ਪਿੰਡ ਭਲੂਰ ਵਿਚ ਹੋਈ ਤੇਜ਼ ਬਾਰਸ਼ ਦੇ ਕਾਰਨ ਗਰੀਬ ਪਰਿਵਾਰ ਸੁਖਜੀਤ ਸਿੰਘ ਪੁੱਤਰ ਪੂਰਨ ਸਿੰਘ ਵਾਸਤੇ ਕਿਆਮਤ ਬਣ ਕੇ ਆਈ। ਗਰੀਬ ਪਰਿਵਾਰ ਦੀ ਇਕ ਕਮਰੇ ਦੀ ਛੱਤ ਡਿੱਗ ਪਈ। ਪਰ ਪਰਿਵਾਰ ਦੂਸਰੇ ਕਮਰੇ ਵਿਚ ਸੁੱਤਾ ਪਿਆ ਹੋਣ ਦੇ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਸੁਖਜੀਤ ਸਿੰਘ ਦਾ ਪਿਤਾ ਅਪਾਹਜ ਹੋਣ ਕਾਰਨ ਕੋਈ ਕੰਮਕਾਰ ਨਹੀ ਕਰ ਸਕਦਾ, ਮਾਤਾ ਵੀ ਬਿਰਧ ਹੈ। ਸੁਖਜੀਤ ਸਿੰਘ ਆਪ ਕਿਸੇ ਦੀ ਦੁਕਾਨ ’ਤੇ ਕੰਮ ਕਰ ਕੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦਾ ਹੈ ।