ਸਫ਼ੇਦ ਬੇਂਈ ਵਿਚ ਵਧਿਆ ਪਾਣੀ ਦਾ ਪੱਧਰ

ਜੰਡਿਆਲਾ ਮੰਜਕੀ/ਜਮਸ਼ੇਰ ਖਾਸ, (ਜਲੰਧਰ), 1 ਸਤੰਬਰ (ਸੁਰਜੀਤ ਸਿੰਘ ਜੰਡਿਆਲਾ, ਹਰਵਿੰਦਰ ਕੁਮਾਰ)- ਇਥੋਂ ਥੋੜੀ ਦੂਰ ਗੁਜ਼ਰਦੀ ਸਫੇਦ ਬੇੲੀਂ ਵਿਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿਣ ਕਾਰਨ ਇਲਾਕੇ ਦੇ ਜਮਸ਼ੇਰ ਖਾਸ, ਖੇੜਾ, ਚਾਚੋਵਾਲ, ਬੰਬੀਆਂਵਾਲ, ਕੁੱਕੜ ਪਿੰਡ, ਜੰਡਿਆਲੀ, ਦੀਵਾਲੀ, ਕੰਗਣੀਵਾਲ, ਚੋਲਾਂਗ, ਮਸ਼ਿਆਣਾ, ਬਜੂਹਾ ਖੁਰਦ, ਬਜੂਹਾ ਕਲਾਂ, ਭੋਡੇ ਸਪਰਾਏ , ਚੰਨਣਪੁਰ ਜਗਰਾਲ,ਉਦੋਪੁਰ, ਫਤਿਹਪੁਰ, ਹਮੀਰੀ ਖੇੜਾ, ਬਰਸਾਲ, ਖੁਣਖੁਣ ਆਦਿ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ। ਜ਼ਿਕਰਯੋਗ ਹੈ ਕਿ ਬੇਂਈ ਕਿਨਾਰੇ ਦੀਆਂ ਜ਼ਮੀਨਾਂ ਵਿਚ ਲੱਗੀ ਫ਼ਸਲ ਪੂਰੀ ਤਰ੍ਹਾਂ ਪਾਣੀ ਵਿਚ ਡੁੱਬ ਗਈ ਹੈ ਅਤੇ ਸੜਕਾਂ ’ਤੇ ਲੰਘ ਰਿਹਾ ਪਾਣੀ ਵਾਹਨਾਂ ਲਈ ਰੁਕਾਵਟਾਂ ਪੈਦਾ ਕਰ ਰਿਹਾ ਹੈ।
ਜਗਰਾਲ ਤੋਂ ਬਜੂਹਾ ਖੁਰਦ ਜਾਂਦੀ ਸੜਕ ਉੱਪਰ ਬਣੇ ਬੇਂਈ ਦੇ ਪੁਲ ਉੱਪਰੋਂ ਪਾਣੀ ਵਹਿ ਰਿਹਾ ਹੈ ਜਿਸ ਕਾਰਨ ਇਹ ਸੰਪਰਕ ਸੜਕ ਦੂਜੇ ਪਿੰਡਾਂ ਨਾਲੋਂ ਟੁੱਟੀ ਹੋਈ ਹੈ। ਕੰਗਣੀਵਾਲ ਬੇਂਈ ਦੇ ਪੁੱਲ ’ਤੇ ਖੜੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨਕ ਅਧਿਕਾਰੀ ਇਸ ਖਸਤਾ ਹਾਲਤ ਪੁੱਲ ਉੱਪਰ ਗੁਜਰਨ ਵਾਲੇ ਵਾਹਨਾਂ ਨੂੰ ਵੰਨ-ਵੇ ਕਰਕੇ ਲੰਘਾਉਣ ਦਾ ਪ੍ਰਬੰਧ ਕਰਨ ਤਾਂ ਕਿ ਕੋਈ ਹਾਦਸਾ ਨਾ ਵਾਪਰੇ। ਜ਼ਿਕਰ ਯੋਗ ਹੈ ਕਿ ਵਧੇ ਪਾਣੀ ਦੇ ਪੱਧਰ ਕਾਰਨ ਬੇਂਈ ਕਿਨਾਰੇ ਡੇਰਿਆਂ ਖੂਹਾਂ ’ਤੇ ਰਹਿ ਰਹੇ ਲੋਕ ਸੁਰੱਖਿਤ ਥਾਵਾਂ ਵੱਲ ਜਾ ਰਹੇ ਹਨ।