ਡੀ.ਸੀ. ਜਲੰਧਰ ਵਲੋਂ ਤੜਕਸਾਰ ਸ਼ਹਿਰ ਦਾ ਦੌਰਾ, ਵਰਕਰਾਂ ਦਾ ਵਧਾਇਆ ਹੌਂਸਲਾ

ਜਲੰਧਰ, 1 ਸਤੰਬਰ - ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਤੜਕਸਾਰ ਸ਼ਹਿਰ ਦਾ ਦੌਰਾ ਕਰਕੇ ਬਾਰਿਸ਼ ਦੇ ਪਾਣੀ ਦੀ ਨਿਕਾਸੀ ਦਾ ਜਾਇਜ਼ਾ ਲਿਆ। ਇਸ ਦੌਰਾਨ ਡਾ. ਅਗਰਵਾਲ ਨੇ ਸਫਾਈ ਅਤੇ ਸੈਨੇਟਰੀ ਵਰਕਰਜ਼ ਨੂੰ ਮਿਲ ਕੇ ਜਿਥੇ ਉਨ੍ਹਾਂ ਦਾ ਹੌਂਸਲਾ ਵਧਾਇਆ, ਉਥੇ ਪੂਰੀ ਲਗਨ ਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਵੀ ਦਿੱਤੀ।
ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਲਗਾਤਾਰ ਬਾਰਿਸ਼ ਹੋਣ ਨਾਲ ਸ਼ਹਿਰ ਦੀਆਂ ਕੁਝ ਥਾਵਾਂ ’ਤੇ ਪਾਣੀ ਇਕੱਠਾ ਹੋ ਗਿਆ ਹੈ, ਜਿਸ ਦੀ ਨਿਕਾਸੀ ਜਲਦੀ ਯਕੀਨੀ ਬਣਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਥੋੜ੍ਹੇ ਹੀ ਸਮੇਂ ਵਿਚ ਸਥਿਤੀ ਆਮ ਵਾਂਗ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਈ ਸਮੱਸਿਆ ਹੈ ਜਾਂ ਕੋਈ ਐਮਰਜੈਂਸੀ ਹੈ ਤਾਂ ਕੰਟਰੋਲ ਰੂਮ ਦੇ ਹੈਲਪ ਲਾਈਨ ਨੰਬਰ 0181-2240064 ’ਤੇ ਫੋਨ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਤੁਰੰਤ ਆਪ ਦੀ ਮਦਦ ਲਈ ਪਹੁੰਚ ਜਾਣਗੀਆਂ।