ਪਿੰਡ ਛੀਨੀਵਾਲ ਕਲਾਂ ਵਿਖੇ ਇਕ ਨੌਜਵਾਨ ਭੇਦਭਰੀ ਹਾਲਤ 'ਚ ਲਾਪਤਾ
ਮਹਿਲ ਕਲਾਂ,17 ਅਗਸਤ (ਅਵਤਾਰ ਸਿੰਘ ਅਣਖੀ)-ਪਿੰਡ ਛੀਨੀਵਾਲ ਕਲਾਂ (ਬਰਨਾਲਾ) ਦੇ ਇਕ ਮਜ਼ਦੂਰ ਪਰਿਵਾਰ ਨਾਲ ਨੌਜਵਾਨ ਦੇ ਪਿਛਲੇ 8 ਦਿਨਾਂ ਤੋਂ ਭੇਦਭਰੀ ਹਾਲਤ ਵਿਚ ਗੁੰਮ ਹੋਣ ਕਾਰਨ ਮਾਪੇ ਭਾਰੀ ਚਿੰਤਾ ਵਿਚੋਂ ਲੰਘ ਰਹੇ ਹਨ। ਮਾਨਸਿਕ ਪੀੜਾਂ ਵਿਚੋਂ ਲੰਘ ਰਹੇ ਪਿਤਾ ਬਲਵੀਰ ਸਿੰਘ ਤੇ ਮਾਤਾ ਸਵਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦਾ ਨੌਜਵਾਨ ਪੁੱਤਰ ਗੁਰਪ੍ਰੀਤ ਸਿੰਘ 8 ਦਿਨ ਪਹਿਲਾ 10 ਅਗਸਤ, ਦਿਨ ਐਤਵਾਰ ਨੂੰ ਦੁਪਹਿਰ ਵੇਲੇ ਬਿਨਾਂ ਦੱਸੇ ਘਰੋਂ ਚਲਿਆ ਗਿਆ। ਉਸ ਬਾਰੇ ਸਾਰੇ ਗੁਰਦੁਆਰਾ ਸਾਹਿਬਾਨ ਤੇ ਰਿਸ਼ਤੇਦਾਰੀਆਂ ਵਿਚ ਭਾਲ ਕਰਨ ਦੇ ਬਾਵਜੂਦ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ। ਉਨ੍ਹਾਂ ਦੱਸਿਆ ਕਿ ਬੇਟਾ ਗੁਰਪ੍ਰੀਤ ਸਿੰਘ ਜੋ ਮਜ਼ਦੂਰੀ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਿਹਾ ਸੀ। ਅਚਾਨਕ ਹੀ ਘਰੋਂ ਜਾਣ ਕਰਕੇ ਉਹ ਅਤੇ ਸਾਰੇ ਰਿਸ਼ਤੇਦਾਰ ਡੂੰਘੇ ਸਦਮੇ ਵਿਚ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਲੰਘੀ ਮਾਰਚ ਮਹੀਨੇ ਵਿਚ ਮੋਗਾ ਜ਼ਿਲੇ ਵਿਚ ਕੀਤਾ ਸੀ । ਪਰ ਕੁਝ ਦਿਨਾਂ ਬਾਅਦ ਹੀ ਉਸ ਦੀ ਪਤਨੀ ਨਾਲ ਕਿਸੇ ਗੱਲ ਤੋਂ ਅਣਬਣ ਹੋ ਜਾਣ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗਿਆ। ਉਸ ਦੇ ਜਾਣ ਤੋਂ ਇਕ ਦਿਨ ਪਹਿਲਾ ਰਿਸ਼ਤੇਦਾਰਾਂ ਦਾ ਇਕੱਠ ਹੋਇਆ ਸੀ, ਦੁਖੀ ਹੋ ਕੇ ਦੂਸਰੇ ਦਿਨ ਹੀ ਉਹ ਆਪਣਾ ਮੋਟਰਸਾਈਕਲ ਪਲਟੀਨਾ ਲੈ ਕੇ ਘਰੋਂ ਚੱਲਿਆ ਗਿਆ। ਅੱਜ ਤਕ ਉਸ ਦਾ ਕੋਈ ਸੁਰਾਗ ਨਾ ਮਿਲਣ ਕਰਕੇ ਉਹ ਦਿਮਾਗੀ ਤੌਰ 'ਤੇ ਬੁਰੀ ਤਰਾਂ ਟੁੱਟ ਚੁੱਕੇ ਹਨ। ਪੀੜਤ ਦੁਖੀ ਮਾਪਿਆਂ ਨੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਸਿਆਸੀ ਆਗੂਆਂ ਨੂੰ ਸਹਿਯੋਗ ਦੀ ਅਪੀਲ ਕੀਤੀ ਹੈ ।