ਸਬਜ਼ੀ ਵੇਚਣ ਜਾ ਰਹੇ ਪਿਓ ਪੁੱਤ 'ਤੇ ਅਣਪਛਾਤੇ ਨੌਜਵਾਨਾਂ ਨੇ ਕੀਤਾ ਹਮਲਾ, ਆਲਟੋ ਕਾਰ ਦੀ ਭੰਨ ਤੋੜ ਕਰਦਿਆਂ ਕੀਤੀ ਲੁੱਟ

ਸੰਗਤ ਮੰਡੀ (ਬਠਿੰਡਾ), 17 ਅਗਸਤ (ਦੀਪਕ ਸ਼ਰਮਾ) - ਅੱਜ ਸਵੇਰ ਸਮੇਂ ਸਬਜ਼ੀ ਵੇਚਣ ਜਾ ਰਹੇ ਪਿਓ ਪੁੱਤ ਤੋਂ ਕਾਰ ਸਵਾਰ ਲੁਟੇਰਿਆਂ ਵਲੋਂ ਕਾਰ ਦੀ ਭੰਨ ਤੋੜ ਕਰ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਜਾਣ ਦੀ ਖ਼ਬਰ ਮਿਲੀ ਹੈ।ਜਾਣਕਾਰੀ ਦਿੰਦੇ ਹੋਏ ਪਿੰਡ ਘੁੱਦਾ ਦੇ ਮਨਦੀਪ ਸਿੰਘ ਅਤੇ ਉਸ ਦੇ ਪਿਤਾ ਹਰਜੀਤ ਸਿੰਘ ਨੇ ਦੱਸਿਆ ਹੈ ਕਿ ਅਸੀਂ ਹਰ ਰੋਜ਼ ਸਵੇਰੇ ਬਠਿੰਡਾ ਦੀ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਜਾਣ ਦਾ ਕੰਮ ਕਰਦੇ ਹਾਂ ਤਾਂ ਸਵੇਰ ਸਮੇਂ ਜਦੋਂ ਅਸੀਂ ਆਪਣੀ ਅਲਟੋ ਕਾਰ 'ਤੇ ਸਬਜ਼ੀ ਵੇਚਣ ਜਾ ਰਹੇ ਸੀ ਤਾਂ ਬਠਿੰਡਾ ਦੇ ਧੀ ਲਾਡਲੀ ਚੌਂਕ ਕੋਲ ਕਾਰ ਸਵਾਰ ਚਾਰ ਵਿਅਕਤੀਆਂ ਨੇ ਅੱਗੇ ਤੋਂ ਆ ਕੇ ਸਾਡੀ ਕਾਰ ਨੂੰ ਰੋਕ ਕੇ ਕਾਰ ਦੀ ਭੰਨਤੋੜ ਸ਼ੁਰੂ ਕਰ ਦਿੱਤੀ।
ਪੀੜਤ ਪਿਓ ਪੁੱਤ ਨੇ ਦੱਸਿਆ ਹੈ ਕਿ ਹਮਲਾਵਰਾਂ ਕੋਲ ਤੇਜ਼ਧਾਰ ਹਥਿਆਰ ਸਨ ਜਿਸ ਕਾਰਨ ਉਹ ਸਾਡੇ ਤੋਂ ਕੁਝ ਪੈਸੇ ਲੁੱਟ ਕੇ ਫਰਾਰ ਹੋ ਗਏ। ਪੀੜਤ ਪਿਓ ਪੁੱਤ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਲੁਟੇਰਿਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਦਿੱਤਾ ਜਾਵੇ ਤਾਂ ਜੋ ਕਿ ਆਏ ਦਿਨ ਹੋ ਰਹੀਆਂ ਵਾਰਦਾਤਾਂ ਨੂੰ ਠੱਲ੍ਹ ਪਾਈ ਜਾ ਸਕੇ। ਪਿੰਡ ਦੇ ਸਰਪੰਚ ਹਰਪਾਲ ਸਿੰਘ ਪਾਲੀ ਨੇ ਕਿਹਾ ਹੈ ਕਿ ਜੇਕਰ ਪੁਲਿਸ ਵਲੋਂ ਲੁਟੇਰਿਆਂ ਖ਼ਿਲਾਫ਼ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਜਾਂਦੀ ਤਾਂ ਉਹ ਪਿੰਡ ਦਾ ਵੱਡਾ ਇਕੱਠ ਕਰਕੇ ਅਗਲੀ ਰੂਪ ਰੇਖਾ ਉਲੀਕਣਗੇ।