ਭਗਵੰਤ ਮਾਨ ਦੀ ਆਮਦ ’ਤੇ ਪੁਲਿਸ ਵਲੋਂ ਕਿਸਾਨ ਆਗੂ ਘਰਾਂ ਅੰਦਰ ਨਜ਼ਰਬੰਦ

ਮੁੱਲਾਂਪੁਰ-ਦਾਖਾ, (ਲੁਧਿਆਣਾ), 4 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਵਲੋਂ ਨਸ਼ਿਆਂ ਦੀ ਤਸਕਰੀ ਰੋਕਣ ਅਤੇ ਨਸ਼ਾ ਰੋਗੀਆਂ ਦਾ ਇਲਾਜ, ਮੁੜ ਵਸੇਬੇ ਲਈ 1 ਮਾਰਚ ਤੋਂ ਸ਼ੁਰੂ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਵਾਲੀ ਮੁਹਿੰਮ ਦੇ 5 ਮਹੀਨੇ ਬਾਅਦ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵਲੋਂ ਦਾਖਾ ਲੁਧਿਆਣਾ ਨੈਸ਼ਨਲ ਹਾਈਵੇ ’ਤੇ ਨਸ਼ਿਆਂ ਵਿਰੁੱਧ ਜਾਰੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਰਾਜ ਪੱਧਰੀ ਵਿਸ਼ਾਲ ਇਕੱਤਰਤਾ ਤੋਂ ਪਹਿਲਾ ਲੁਧਿਆਣਾ ਦਿਹਾਤੀ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਦਾ ਵਿਰੋਧ ਕਰਨ ਵਾਲੇ ਕਈ ਆਗੂ ਸਵੇਰ ਹੁੰਦਿਆ ਹੀ ਘਰਾਂ ਅੰਦਰ ਨਜ਼ਰਬੰਦ ਕਰ ਦਿੱਤੇ ਗਏ। ਭਾਰਤੀ ਕਿਸਾਨ ਯੂਨੀਅਨ (ਡਕੌਂਦਾ/ਧਨੇਰ) ਪੰਜਾਬ ਦੇ ਮੀਤ ਪ੍ਰਧਾਨ ਅਮਨਦੀਪ ਸਿੰਘ ਨੂੰ ਪੁਲਿਸ ਵਲੋਂ ਕਾਫ਼ੀ ਸਮਾਂ ਸੜਕ ’ਤੇ ਰੋਕੀ ਰੱਖਿਆ।
ਬੀ.ਕੇ.ਯੂ (ਧਨੇਰ) ਜ਼ਿਲ੍ਹਾ ਮੀਤ ਪ੍ਰਧਾਨ ਰਾਜਾ ਰਾਜਿੰਦਰ ਸਿੰਘ ਪਿੰਡ ਭਨੋਹੜ ਕਈ ਹੋਰ ਆਗੂ ਪੁਲਿਸ ਵਲੋਂ ਘਰ ਅੰਦਰ ਨਜ਼ਰਬੰਦ ਕੀਤੇ ਗਏ। ਜਗਰੂਪ ਸਿੰਘ ਹਸਨਪੁਰ, ਗਗਨਦੀਪ ਸਿੰਘ ਪਮਾਲੀ ਕਈ ਹੋਰ ਕਿਸਾਨ ਆਗੂਆਂ ਦੇ ਘਰ ਪੁਲਿਸ ਪਹੁੰਚੀ, ਪਰ ਉਹ ਪੁਲਿਸ ਨੂੰ ਝਕਾਨੀ ਦੇ ਕੇ ਇੱਧਰ-ਉੱਧਰ ਹੋ ਗਏ। ਬੀ.ਕੇ.ਯੂ (ਡਕੌਦਾ/ਧਨੇਰ) ਦੇ ਜ਼ਿਲ੍ਹਾ ਮੀਤ ਪ੍ਰਧਾਨ ਜਗਰੂਪ ਸਿੰਘ ਹਸਨਪੁਰ ਪੁਲਿਸ ਕਾਰਵਾਈ ਦੀ ਨਿੰਦਾਂ ਕਰਦਿਆ ਕਿਹਾ ਕਿ ਸਾਡਾ ਸਰਕਾਰ ਦੇ ਪ੍ਰੋਗਰਾਮ ਵਿਚ ਖੱਲਲ ਪਾਉਣ ਦਾ ਕੋਈ ਪ੍ਰੋਗਰਾਮ ਨਹੀਂ ਸੀ, ਪੁਲਿਸ ਤਾਂ ਐਂਵੇ ਘਬਰਾ ਗਈ। ਉਨ੍ਹਾਂ ਦੱਸਿਆ ਕਿ ਮੈਂ ਲੈਂਡ ਪੂਲਿੰਗ ਦੇ ਵਿਰੋਧ ’ਚ ਲੁਧਿਆਣਾ ਗਲਾਡਾ ਦਫ਼ਤਰ ਧਰਨੇ ਵਿਚ ਸ਼ਾਮਿਲ ਹੋਣਾ ਸੀ, ਜਦਕਿ ਅਮਨਦੀਪ ਸਿੰਘ ਲਲਤੋਂ ਕਲਾਂ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲੁਧਿਆਣਾ ਵਿਖੇ ਕੌਮੀ ਇਨਸਾਫ਼ ਮੋਰਚੇ ਦੇ ਪ੍ਰੋਗਰਾਮ ਵਿਚ ਪਹੁੰਚਣਾ ਸੀ।