ਲੋਹੀਆਂ-ਮੱਖੂ ਸੜਕ 'ਤੇ ਲੁਟੇਰਿਆਂ ਵਲੋਂ ਔਰਤ ਦਾ ਕਤਲ

ਲੋਹੀਆਂ ਖਾਸ, (ਜਲੰਧਰ), 14 ਜੁਲਾਈ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ-ਮੱਖੂ ਸੜਕ ’ਤੇ ਰਾਧਾ ਸੁਆਮੀ ਸਤਿਸੰਗ ਘਰ ਨੇੜੇ ਲੁਟੇਰਿਆਂ ਵਲੋਂ ਇਕ ਔਰਤ ਦੀ ਹੱਤਿਆ ਕਰ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਲੋਹੀਆਂ ਦੇ ਥਾਣਾ ਮੁਖੀ ਲਾਭ ਸਿੰਘ ਨੇ ਦੱਸਿਆ ਕਿ ਹਰਜੀਤ ਕੌਰ ਪਤਨੀ ਤਲਵਿੰਦਰ ਸਿੰਘ ਵਾਸੀ ਫਿਰੋਜ਼ਪੁਰ (ਸ਼ਹਿਰ), ਹਾਲ ਵਾਸੀ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ (ਜਲੰਧਰ) ਜੋ ਕਿ ਰਾਧਾ ਸੁਆਮੀ ਸਤਿਸੰਗ ਘਰ ਦੇ ਨੇੜੇ ਜਾ ਰਹੀ ਸੀ, ਨੂੰ ਕਿਸੇ ਵਲੋਂ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਵੱਢ ਦਿੱਤਾ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਦੱਸਣਯੋਗ ਹੈ ਕਿ ਹਰਜੀਤ ਕੌਰ ਦਾ ਪੇਕਾ ਪਿੰਡ ਲੋਹੀਆਂ ਬਲਾਕ ਦਾ ਪਿੰਡ ਟੁਰਨਾ ਹੈ, ਜਿਥੋਂ ਦੇ ਸਰਪੰਚ ਦਰਸ਼ਨ ਸਿੰਘ ਨੇ ਦੱਸਿਆ ਕਿ ਪਿੰਡ ਦੇ ਸ. ਸਾਧੂ ਸਿੰਘ ਦੀ ਇਹ ਧੀ ਹਰਜੀਤ ਕੌਰ ਥੋੜ੍ਹੇ ਸਮੇਂ ਤੋਂ ਆਪਣੀ ਇਕਲੌਤੇ ਬੱਚੇ ਧੀ ਨਾਲ ਗੁਰੂ ਨਾਨਕ ਕਾਲੋਨੀ ਲੋਹੀਆਂ ਖਾਸ ਵਿਖੇ ਰਹਿ ਰਹੀ ਸੀ ਅਤੇ ਉਸ ਦਾ ਪਤੀ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਹਰਜੀਤ ਕੌਰ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਬਾਅਦ ਕਿਸੇ ਕੰਮਕਾਰ ਲਈ ਗਿੱਦੜ ਪਿੰਡੀ ਵੱਲ ਨੂੰ ਗਈ ਸੀ ਕਿ ਰਸਤੇ ’ਚ ਲੁਟੇਰਿਆਂ ਵਲੋਂ ਲੁੱਟ-ਖੋਹ ਦੀ ਮਨਸ਼ਾ ਨਾਲ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲੁਟੇਰੇ ਹਰਜੀਤ ਕੌਰ ਦੀ ਇਕ ਵਾਲੀ, ਪਰਸ ਅਤੇ ਮੋਬਾਇਲ ਲੈ ਗਏ ਹਨ, ਜਦਕਿ ਆਈ. ਡੀ. ਕਾਰਡ ਆਦਿ ਉਥੇ ਹੀ ਸੁੱਟ ਗਏ ਹਨ। ਉਧਰ ਲੋਹੀਆਂ ਪੁਲਿਸ ਵਲੋਂ ਹਰਜੀਤ ਕੌਰ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਨਕੋਦਰ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।