ਕੋਰੋਨਾ ਟੀਕਾ ਤੇ ਦਿਲ ਦੇ ਦੌਰੇ ਦਾ ਨਹੀਂ ਹੈ ਆਪਸ ’ਚ ਕੋਈ ਸੰਬੰਧ- ਆਈ.ਸੀ.ਐਮ.ਆਰ.

ਨਵੀਂ ਦਿੱਲੀ, 2 ਜੁਲਾਈ- ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਅਤੇ ਏਮਜ਼ ਨੇ ਸਾਂਝੇ ਤੌਰ ’ਤੇ ਇਕ ਅਧਿਐਨ ਕੀਤਾ ਹੈ, ਜਿਸ ਦੇ ਆਧਾਰ ’ਤੇ ਇਹ ਦਾਅਵਾ ਕੀਤਾ ਗਿਆ ਹੈ ਕਿ ਦੇਸ਼ ਵਿਚ ਅਚਾਨਕ ਮੌਤਾਂ ਦਾ ਕਾਰਨ ਕੋਰੋਨਾ ਟੀਕਾ ਨਹੀਂ ਹੈ। ਕੇਂਦਰੀ ਸਿਹਤ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਹੈ ਕਿ ਨੌਜਵਾਨਾਂ ਵਿਚ ਕੋਰੋਨਾ ਟੀਕੇ ਅਤੇ ਦਿਲ ਦੇ ਦੌਰੇ ਵਿਚਕਾਰ ਕੋਈ ਸੰਬੰਧ ਨਹੀਂ ਹੈ। ਦਰਅਸਲ, ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਦਿਲ ਦੇ ਦੌਰੇ ਕਾਰਨ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਆਪਣੇ ਇਕ ਬਿਆਨ ਵਿਚ ਦਿਲ ਦੇ ਦੌਰੇ ਲਈ ਕੋਰੋਨਾ ਟੀਕੇ ਨੂੰ ਜ਼ਿੰਮੇਵਾਰ ਠਹਿਰਾਇਆ, ਪਰ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਦਾਅਵੇ ਨੂੰ ਰੱਦ ਕਰ ਦਿੱਤਾ ਹੈ। ਸਿੱਧਰਮਈਆ ਨੇ ਕਿਹਾ ਕਿ ਕੋਰੋਨਾ ਟੀਕਾ ਜਲਦੀ ਵਿਚ ਮਨਜ਼ੂਰ ਕੀਤਾ ਗਿਆ ਸੀ ਅਤੇ ਫਿਰ ਟੀਕਾ ਤੇਜ਼ੀ ਨਾਲ ਵੰਡਿਆ ਗਿਆ ਸੀ, ਇਸ ਲਈ ਇਹ ਸੰਭਵ ਹੈ ਕਿ ਅਚਾਨਕ ਮੌਤਾਂ ਦਾ ਕਾਰਨ ਕੋਰੋਨਾ ਟੀਕਾ ਵੀ ਹੋ ਸਕਦਾ ਹੈ।