ਜ਼ਮੀਨੀ ਵਿਵਾਦ ਦੇ ਚੱਲਦਿਆਂ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

ਖੋਸਾ ਦਲ ਸਿੰਘ, (ਜ਼ੀਰਾ), 17 ਜੂਨ (ਮਨਪ੍ਰੀਤ ਸਿੰਘ ਸੰਧੂ)-ਨਜ਼ਦੀਕੀ ਪਿੰਡ ਭਾਗੋ ਕੇ ਵਿਖੇ ਬੀਤੀ ਰਾਤ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਉਰਫ਼ ਗੋਲਡੀ ਅਤੇ ਪ੍ਰਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀਆਨ ਬਸਤੀ ਗੁਰੂ ਤੇਗ ਬਹਾਦਰ ਨਗਰ (ਪਿੰਡ ਭਾਗੋਕੇ) ਵਿਚਕਾਰ ਕਰੀਬ 1.5 ਮਰਲੇ ਖੇਤੀਬਾੜੀ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਝਗੜਾ ਹੋ ਗਿਆ। ਗੋਲੀ ਨਾਲ ਕਰਮਜੀਤ ਸਿੰਘ ਜ਼ਖ਼ਮੀ ਹੋ ਗਿਆ, ਜਿਸ ਦੀ ਹਾਲਤ ਗੰਭੀਰ ਦੇਖਦਿਆਂ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਅਤੇ ਸੰਦੀਪ ਸਿੰਘ (42 ਸਾਲ) ਪੁੱਤਰ ਨਿਸ਼ਾਨ ਸਿੰਘ ਅਤੇ ਗੁਰਬੀਰ ਸਿੰਘ (30 ਸਾਲ) ਪੁੱਤਰ ਕੁਲਵੰਤ ਸਿੰਘ ਵਾਸੀਆਨ ਪਿੰਡ ਭਾਗੋਕੇ ਵੀ ਸੱਟਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ, ਜੋ ਕਿ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਜ਼ੇਰੇ ਇਲਾਜ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੱਲਾਂਵਾਲਾ ਦੀ ਪੁਲਿਸ ਵਲੋਂ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।