ਪੁਲਿਸ ਵਲੋਂ ਹਥਿਆਰਾਂ ਤੇ ਇਕ ਗੱਡੀ ਸਮੇਤ ਇਕ ਦੋਸ਼ੀ ਗ੍ਰਿਫਤਾਰ

ਅਟਾਰੀ, 6 ਜੂਨ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਤਿੰਦਰ ਸਿੰਘ ਡੀ.ਆਈ.ਜੀ. ਬਾਰਡਰ ਰੇਂਜ, ਅੰਮ੍ਰਿਤਸਰ ਅਤੇ ਮਨਿੰਦਰ ਸਿੰਘ ਆਈ.ਪੀ.ਐੱਸ. ਦਿਹਾਤੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਖਵਿੰਦਰ ਸਿੰਘ ਡੀ.ਐਸ.ਪੀ. ਅਟਾਰੀ ਦੀ ਅਗਵਾਈ ਵਿਚ ਮੁੱਖ ਅਫਸਰ ਥਾਣਾ ਘਰਿੰਡਾ ਨੂੰ ਗੁਪਤ ਸੂਚਨਾ ਮਿਲੀ ਕਿ ਧੀਰਜ ਸ਼ਰਮਾ ਵਾਸੀ ਮਕਾਨ ਨੰਬਰ 243, ਮੁਹੱਲਾ ਅਸ਼ੋਕਪੁਰੀ, ਗਾਂਧੀ ਚੌਕ ਵਾਰਡ ਨੰਬਰ 6 ਅਹਿਮਦਗੜ੍ਹ, ਸੰਗਰੂਰ ਨਾਜਾਇਜ਼ ਅਸਲੇ ਦਾ ਕੰਮ ਕਰਦਾ ਹੈ ਜੋ ਕਿ ਅੰਮ੍ਰਿਤਸਰ ਸ਼ਹਿਰ ਦੇ ਆਸ-ਪਾਸ ਦੇ ਪਿੰਡਾਂ ਵਿਚ ਨਾਜਾਇਜ਼ ਅਸਲਾ ਸਪਲਾਈ ਕਰਦਾ ਹੈ, ਜਿਸ ਉਤੇ ਤੁਰੰਤ ਕਾਰਵਾਈ ਕਰਦਿਆਂ ਮੁੱਖ ਅਫਸਰ ਥਾਣਾ ਘਰਿੰਡਾ ਵਲੋਂ ਆਪਣੀ ਪੁਲਿਸ ਪਾਰਟੀ ਦੀ ਮਦਦ ਨਾਲ ਉਕਤ ਧੀਰਜ ਸ਼ਰਮਾ ਨੂੰ ਨਜ਼ਦੀਕ ਪੁਲ ਸੂਆ ਤੋਂ 3 ਪਿਸਟਲ 32 ਬੋਰ ਸਮੇਤ ਮੈਗਜ਼ੀਨ, 2 ਗਲੌਕ ਪਿਸਟਲ 9 ਐਮ. ਐਮ. ਸਮੇਤ ਮੈਗਜ਼ੀਨ ਅਤੇ ਇਕ ਹਾਂਡਾ ਸਿਟੀ ਗੱਡੀ ਤੇ ਡਰੱਗ ਮਨੀ ਅਤੇ ਇਕ ਮੋਬਾਇਲ ਸਮੇਤ ਗ੍ਰਿਫਤਾਰ ਕੀਤਾ ਹੈ, ਜਿਸ ਸਬੰਧੀ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਜਾ ਰਹੀ ਹੈ। ਉਕਤ ਗ੍ਰਿਫਤਾਰ ਦੋਸ਼ੀ ਦੇ ਫਾਰਵਰਡ ਅਤੇ ਬੈਕਵਰਡ ਲਿੰਕਾਂ ਨੂੰ ਖੰਘਾਲਿਆ ਜਾ ਰਿਹਾ ਹੈ ਤੇ ਹੋਰ ਜਿਸ ਕਿਸੇ ਦੀ ਵੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।