ਵਿਆਹੁਤਾ ਵਲੋਂ ਪੇਕੇ ਘਰ ਫਾਹਾ ਲੈ ਕੇ ਖੁਦਕੁਸ਼ੀ

ਮਾਛੀਵਾੜਾ ਸਾਹਿਬ, 6 ਜੂਨ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਕੁਹਾੜਾ ਰੋਡ ’ਤੇ ਸਥਿਤ ਇਰਾਕ ਪਿੰਡ ਵਿਚ ਆਪਣੇ ਪੇਕੇ ਘਰ ਆਈ ਵਿਆਹੁਤਾ ਨੇ ਗਲ ਵਿਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਮ੍ਰਿਤਕਾ ਦੀ ਮਾਤਾ ਪ੍ਰੇਮ ਲਤਾ ਨੇ ਦੱਸਿਆ ਕਿ ਉਹ ਫੈਕਟਰੀ ਵਿਚ ਮਜ਼ਦੂਰੀ ਦਾ ਕੰਮ ਕਰਦੀ ਹੈ ਅਤੇ ਉਸਦੀ ਲੜਕੀ ਸ਼ਿਵਾਨੀ ਦਾ ਵਿਆਹ ਮੰਗੇਸ਼ ਵਾਸੀ ਸਤਰਾਮੂ, ਜ਼ਿਲ੍ਹਾ ਕਾਨਪੁਰ ਨਾਲ ਹੋਇਆ ਜਿਨ੍ਹਾਂ ਦੇ 2 ਛੋਟੇ-ਛੋਟੇ ਬੱਚੇ ਵੀ ਹਨ। ਬਿਆਨਕਰਤਾ ਅਨੁਸਾਰ ਉਸਦੀ ਲੜਕੀ ਬੀਤੇ ਮਹੀਨੇ ਆਪਣੇ ਦੋਵੇਂ ਬੱਚਿਆਂ ਨਾਲ ਪੇਕੇ ਪਰਿਵਾਰ ਵਿਖੇ ਆ ਗਈ ਅਤੇ ਇਥੇ ਹੀ ਰਹਿਣ ਲੱਗੀ। ਉਸ ਅਨੁਸਾਰ 5 ਜੂਨ ਨੂੰ ਜਦੋਂ ਉਹ ਬਾਅਦ ਦੁਪਹਿਰ ਫੈਕਟਰੀ ’ਚੋਂ ਕੰਮ ਕਰਕੇ ਆਈ ਤਾਂ ਉਸਨੇ ਦੇਖਿਆ ਕਿ ਕੁਆਰਟਰ ਅੰਦਰੋਂ ਕੁੰਡਾ ਲੱਗਾ ਸੀ ਅਤੇ ਜਦੋਂ ਉਸਨੇ ਖਿੜਕੀ ਦਾ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਉਸਦੀ ਲੜਕੀ ਸ਼ਿਵਾਨੀ ਛੱਤ ਵਾਲੇ ਪੱਖੇ ਨਾਲ ਲਟਕ ਰਹੀ ਸੀ। ਉਸਨੇ ਫੈਕਟਰੀ ਦੇ ਮੁਲਾਜ਼ਮਾਂ ਨੂੰ ਬੁਲਾ ਕੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਜਾਂਚ ’ਚ ਜੁਟੀ ਜਿਨ੍ਹਾਂ ਸ਼ਿਵਾਨੀ ਦੀ ਮੌਤ ਦੀ ਪੁਸ਼ਟੀ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ। ਮ੍ਰਿਤਕਾ ਤੋਂ ਕੋਈ ਵੀ ਸੁਸਾਈਡ ਨੋਟ ਨਹੀਂ ਮਿਲਿਆ। ਮ੍ਰਿਤਕਾ ਦੀ ਮਾਤਾ ਪ੍ਰੇਮ ਲਤਾ ਨੇ ਕਿਹਾ ਕਿ ਉਨ੍ਹਾਂ ਦੀ ਲੜਕੀ ਨੇ ਕਦੇ ਵੀ ਜ਼ਿਕਰ ਨਹੀਂ ਕੀਤਾ ਕਿ ਉਹ ਆਪਣੇ ਸਹੁਰੇ ਪਰਿਵਾਰ ਤੋਂ ਪ੍ਰੇਸ਼ਾਨ ਹੈ। ਬਿਆਨਕਰਤਾ ਅਨੁਸਾਰ ਉਹ ਡਿਪ੍ਰੈਸ਼ਨ ਦੀ ਮਰੀਜ਼ ਸੀ, ਇਸ ਲਈ ਉਸਦੀ ਮੌਤ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ।