ਭ੍ਰਿਸ਼ਟਾਚਾਰ ਮਾਮਲੇ ’ਚ ਏ.ਸੀ.ਬੀ. ਨੇ ਸਤੇਂਦਰ ਜੈਨ ਤੇ ਸਿਸੋਦੀਆ ਨੂੰ ਜਾਰੀ ਕੀਤੇ ਸੰਮਨ

ਨਵੀਂ ਦਿੱਲੀ, 4 ਜੂਨ- ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ.ਸੀ.ਬੀ.) ਨੇ ਦਿੱਲੀ ਦੇ ਸਾਬਕਾ ਮੰਤਰੀਆਂ ਅਤੇ ‘ਆਪ’ ਆਗੂਆਂ ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਨੂੰ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮਾਂ ਦੀ ਉਸਾਰੀ ਵਿਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਸੰਮਨ ਜਾਰੀ ਕੀਤੇ ਹਨ। ਸਤੇਂਦਰ ਜੈਨ ਨੂੰ 6 ਜੂਨ ਨੂੰ ਏ.ਸੀ.ਬੀ. ਦਫ਼ਤਰ ਬੁਲਾਇਆ ਗਿਆ ਹੈ, ਜਦੋਂ ਕਿ ਮਨੀਸ਼ ਸਿਸੋਦੀਆ ਨੂੰ 9 ਜੂਨ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਹ ਮਾਮਲਾ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2000 ਕਰੋੜ ਰੁਪਏ ਦੇ ਕਥਿਤ ਘੁਟਾਲੇ ਨਾਲ ਸੰਬੰਧਿਤ ਹੈ। ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ ਵਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਦਿੱਲੀ ਵਿਚ ‘ਆਪ’ ਸਰਕਾਰ ਦੇ ਰਾਜ ਦੌਰਾਨ 12,748 ਕਲਾਸਰੂਮਾਂ ਅਤੇ ਇਮਾਰਤਾਂ ਦੀ ਉਸਾਰੀ ਵਿਚ 2,000 ਕਰੋੜ ਰੁਪਏ ਦਾ ਵੱਡਾ ਘੁਟਾਲਾ ਸਾਹਮਣੇ ਆਇਆ ਹੈ। ਇਹ ਪ੍ਰੋਜੈਕਟ ਕਥਿਤ ਤੌਰ ’ਤੇ ਆਮ ਆਦਮੀ ਪਾਰਟੀ ਨਾਲ ਜੁੜੇ ਕੁਝ ਠੇਕੇਦਾਰਾਂ ਨੂੰ ਦਿੱਤਾ ਗਿਆ ਸੀ। ਉਸਾਰੀ ਦੌਰਾਨ ਲਾਗਤ ਵਿਚ ਵੱਡਾ ਵਾਧਾ ਦੇਖਿਆ ਗਿਆ। ਇਸ ਤੋਂ ਇਲਾਵਾ, ਨਿਰਧਾਰਤ ਸਮੇਂ ਦੇ ਅੰਦਰ ਇਕ ਵੀ ਕੰਮ ਪੂਰਾ ਨਹੀਂ ਹੋਇਆ। ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਵਲੋਂ ਦਰਜ ਕੀਤੇ ਗਏ ਮਾਮਲੇ ਵਿਚ, ਇਨ੍ਹਾਂ ਆਗੂਆਂ ’ਤੇ ਦਿੱਲੀ ਦੇ ਸਰਕਾਰੀ ਸਕੂਲਾਂ ਵਿਚ ਕਲਾਸਰੂਮਾਂ ਦੀ ਉਸਾਰੀ ਵਿਚ ਭਾਰੀ ਵਿੱਤੀ ਬੇਨਿਯਮੀਆਂ ਕਰਨ ਦਾ ਦੋਸ਼ ਹੈ। ਇਹ ਵੀ ਦੋਸ਼ ਹੈ ਕਿ ਆਮ ਆਦਮੀ ਪਾਰਟੀ ਨਾਲ ਜੁੜੇ ਠੇਕੇਦਾਰਾਂ ਨੂੰ ਕਲਾਸਰੂਮਾਂ ਦੀ ਉਸਾਰੀ ਦਾ ਕੰਮ ਦੇ ਕੇ ਵਿੱਤੀ ਬੇਨਿਯਮੀਆਂ ਕੀਤੀਆਂ ਗਈਆਂ ਹਨ।