ਕਪੂਰਥਲਾ ਤੇ ਫਗਵਾੜਾ ਸ਼ਹਿਰ 'ਚ ਬਲੈਕ ਆਊਟ ਰਿਹਾ

ਲੋਕ ਗੱਡੀਆਂ ਦੀਆਂ ਲਾਈਟਾਂ ਜਗਾਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚੋਂ ਗੁਜ਼ਰਦੇ ਰਹੇ
ਕਪੂਰਥਲਾ, 31 ਮਈ (ਅਮਰਜੀਤ ਕੋਮਲ)-ਆਪ੍ਰੇਸ਼ਨ ਸ਼ੀਲਡ ਤਹਿਤ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਟਾਕਰੇ ਤੇ ਸਿਵਲ ਡਿਫੈਂਸ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਅੱਜ ਰਿਆਸਤੀ ਸ਼ਹਿਰ ਕਪੂਰਥਲਾ ਤੇ ਫਗਵਾੜਾ ਵਿਚ ਰਾਤ 9:30 ਤੋਂ 10 ਵਜੇ ਤੱਕ ਬਲੈਕ ਆਊਟ ਰਿਹਾ | ਸਾਢੇ 9 ਵਜੇ ਤੋਂ ਕੁੱਝ ਸਮਾਂ ਪਹਿਲਾਂ ਬਿਜਲੀ ਬੰਦ ਹੋ ਗਈ | ਸਾਇਰਨ ਵੱਜਣ ਉਪਰੰਤ ਦੋਵਾਂ ਸ਼ਹਿਰਾਂ ਵਿਚ ਬਲੈਕ ਆਊਟ ਹੋ ਗਿਆ | ਇਸੇ ਦੌਰਾਨ ਪੁਲਿਸ ਦੀਆਂ ਟੀਮਾਂ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਜਾ ਕੇ ਲੋਕਾਂ ਨੂੰ ਬਲੈਕ ਆਊਟ ਕਰਨ ਲਈ ਕਿਹਾ | ਬਲੈਕ ਆਊਟ ਦੌਰਾਨ ਸਿਹਤ ਸੇਵਾਵਾਂ ਨਿਰਵਿਘਨ ਜਾਰੀ ਰਹੀਆਂ | ਇੱਥੇ ਵਰਨਣਯੋਗ ਹੈ ਕਿ ਸ਼ਹਿਰ ਦੇ ਕੁੱਝ ਖੇਤਰਾਂ ਵਿਚ ਕੁੱਝ ਲੋਕਾਂ ਨੇ ਬਲੈਕ ਆਊਟ ਦੀ ਪ੍ਰਵਾਹ ਨਾ ਕਰਦਿਆਂ ਲਾਈਟਾਂ ਚਾਲੂ ਹੀ ਰੱਖੀਆਂ, ਇਸੇ ਤਰ੍ਹਾਂ ਬਹੁਤ ਸਾਰੇ ਸੀ.ਸੀ.ਟੀ.ਵੀ. ਕੈਮਰੇ ਦੀਆਂ ਲਾਈਟਾਂ ਜਗਦੀਆਂ ਦੇਖੀਆਂ ਗਈਆਂ | ਪ੍ਰਸ਼ਾਸਨ ਵਲੋਂ ਲੋਕਾਂ ਨੂੰ ਇਹ ਵੀ ਕਿਹਾ ਗਿਆ ਸੀ ਕਿ ਉਹ ਬਲੈਕ ਆਊਟ ਦੇ ਦੌਰਾਨ ਸੜਕ ਦੇ ਖੱਬੇ ਪਾਸੇ ਗੱਡੀ ਖੜੀ ਕਰਕੇ ਲਾਈਟਾਂ ਬੰਦ ਕਰ ਦੇਣ ਪਰ ਬਹੁਤ ਸਾਰੇ ਲੋਕਾਂ ਨੂੰ ਇਨ੍ਹਾਂ ਹਦਾਇਤਾਂ ਨੂੰ ਅੱਖੋਂ ਪਰੋਖੇ ਕੀਤਾ ਤੇ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਲੋਕ ਆਪਣੇ ਨਿੱਜੀ ਵਾਹਨਾਂ ਦੀਆਂ ਲਾਈਟਾਂ ਜਗਾਕੇ ਆਮ ਦਿਨਾਂ ਵਾਂਗ ਹੀ ਵਿਚਰਦੇ ਰਹੇ | ਇੱਥੋਂ ਤੱਕ ਕਿ ਇਕ ਨਿੱਜੀ ਕੰਪਨੀ ਦੇ ਮੁਲਾਜ਼ਮਾਂ ਦੀ ਭਰੀ ਹੋਈ ਬੱਸ ਬਲੈਕ ਆਊਟ ਦੌਰਾਨ ਲਾਈਟਾਂ ਜਗਾਕੇ ਫ਼ੈਕਟਰੀ ਲਈ ਰਵਾਨਾ ਹੋਈ |