ਡਾ. ਸੁਭਾਸ਼ ਸ਼ਰਮਾ ਵਲੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ
ਚੰਡੀਗੜ੍ਹ, 28 ਮਈ-ਪੰਜਾਬ ਭਾਜਪਾ ਦੇ ਉਪ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਸੀਨੀਅਰ ਅਕਾਲੀ ਆਗੂ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਦਿਹਾਂਤ 'ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਛੇ ਦਹਾਕਿਆਂ ਤੋਂ ਵੱਧ ਸਮੇਂ ਤੱਕ ਪੰਜਾਬ ਦੀ ਸੇਵਾ ਕਰਨ ਵਾਲੇ ਇਕ ਮਹਾਨ ਨੇਤਾ ਨੂੰ ਗੁਆ ਦਿੱਤਾ ਹੈ। ਇਹ ਸਿਰਫ਼ ਇਕ ਰਾਜਨੀਤਿਕ ਘਾਟਾ ਨਹੀਂ ਹੈ, ਸਗੋਂ ਇਕ ਅਜਿਹੀ ਘਟਨਾ ਹੈ ਜੋ ਪੰਜਾਬ ਦੀ ਆਤਮਾ ਨੂੰ ਹਿਲਾ ਦਿੰਦੀ ਹੈ। ਡਾ. ਸ਼ਰਮਾ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਵਿਚ ਮੰਤਰੀ ਵਜੋਂ ਅਤੇ ਸੂਬੇ ਵਿਚ ਇਕ ਦੂਰਦਰਸ਼ੀ ਸਿਆਸਤਦਾਨ ਵਜੋਂ ਇਤਿਹਾਸਕ ਯੋਗਦਾਨ ਪਾਇਆ। ਉਹ ਆਖਰੀ ਮਹਾਨ ਪ੍ਰਤੀਕਾਂ ਵਿਚੋਂ ਇਕ ਸਨ ਜੋ ਪੰਜਾਬ ਦੇ ਘਟਨਾਪੂਰਨ ਇਤਿਹਾਸ ਦੇ ਜਿਊਂਦੇ ਜਾਗਦੇ ਗਵਾਹ ਸਨ। ਉਨ੍ਹਾਂ ਦਾ ਜੀਵਨ ਸਾਦਗੀ, ਸਮਰਪਣ ਅਤੇ ਸਿਧਾਂਤਾਂ ਦੀ ਇਕ ਉਦਾਹਰਣ ਸੀ। ਉਨ੍ਹਾਂ ਦੇ ਜਾਣ ਨਾਲ ਪੈਦਾ ਹੋਏ ਖਲਾਅ ਨੂੰ ਭਰਨਾ ਬਹੁਤ ਮੁਸ਼ਕਿਲ ਹੋਵੇਗਾ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਥਾਂ ਦੇਣ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਇਸ ਅਥਾਹ ਦੁੱਖ ਨੂੰ ਸਹਿਣ ਦੀ ਤਾਕਤ ਦੇਣ।