29-05-2025
ਪੰਛੀਆਂ ਦਾ ਧਿਆਨ ਕਿਵੇਂ ਰੱਖੀਏ
ਦੋਸਤੋ, ਅੱਜ-ਕੱਲ੍ਹ ਗਰਮੀ ਦਾ ਮੌਸਮ ਚੱਲ ਰਿਹਾ ਹੈ, ਕਿੰਨੀਆਂ ਗਰਮ ਹਵਾਵਾਂ ਚੱਲਦੀਆਂ ਹਨ, ਦੁਪਹਿਰ ਸਮੇਂ ਤਾਂ ਘਰ ਤੋਂ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਪਰ ਮਜਬੂਰੀ ਕਾਰਨ ਜਾਣਾ ਪੈਂਦਾ ਹੈ।
ਅਸੀਂ ਆਮ ਹੀ ਘਰਾਂ ਵਿਚ ਵੇਖਦੇ ਹਾਂ ਕਿ ਇਨ੍ਹਾਂ ਦਿਨਾਂ ਵਿਚ ਪੰਛੀ ਆਲ੍ਹਣਾ ਪਾਉਂਦੇ ਹਨ ਕਿ ਗਰਮੀ ਤੋਂ ਬਚਿਆ ਜਾਵੇ, ਪਰ ਉਹ ਆਲ੍ਹਣਾ ਪਾਉਣ ਕਿੱਥੇ ਘਰ ਵੀ ਅਸੀਂ ਪੱਕੇ ਬਣਾ ਕੇ ਮਾਰਬਲ ਟਾਇਲਾਂ ਲਾ ਦਿੱਤੀਆਂ ਹਨ, ਦਰੱਖਤ ਵੱਢ ਸੁੱਟੇ ਹਨ। ਅਸੀਂ ਪੰਛੀਆਂ ਦੇ ਬਚਾਅ ਦੇ ਲਈ ਆਪਣੇ ਘਰ ਦੇ ਵਿਹੜੇ ਵਿਚ ਦਰੱਖਤ ਜ਼ਰੂਰ ਲਾਈਏ ਅਤੇ ਲੱਕੜੀ ਦੇ ਬਣੇ ਹੋਏ ਆਲ੍ਹਣੇ ਜ਼ਰੂਰ ਬਣਾ ਕੇ ਟੰਗੀਏ।
ਘਰ ਦੀਆਂ ਛੱਤਾਂ ਦੇ ਉੱਪਰ ਕਿਸੇ ਭਾਂਡੇ ਵਿਚ ਪਾਣੀ ਪੰਛੀਆਂ ਦੇ ਪੀਣ ਲਈ ਰੱਖਿਆ ਜਾਵੇ, ਹੋ ਸਕੇ ਤਾਂ ਇਨ੍ਹਾਂ ਨੂੰ ਕਣਕ ਅਤੇ ਚੌਲਾਂ ਦਾ ਟੋਟਾ ਵੀ ਛੱਤ ਉੱਪਰ ਪਾ ਦੇਣਾ ਚਾਹੀਦਾ ਹੈ। ਸਵੇਰੇ-ਸਵੇਰੇ ਜਦੋਂ ਸਾਡੇ ਕੰਨਾਂ ਵਿਚ ਪੰਛੀਆਂ ਦੇ ਚਹਿਕਣ ਦੀ ਆਵਾਜ਼ ਪੈਂਦੀ ਹੈ ਤਾਂ ਉਹ ਮਨ ਨੂੰ ਮੋਹ ਕੇ ਲੈ ਜਾਣ ਵਾਲਾ ਨਜ਼ਾਰਾ ਹੀ ਕੁਝ ਵੱਖਰਾ ਹੁੰਦਾ ਹੈ, ਆਓ ਅਸੀਂ ਸਾਰੇ ਹੀ ਇਨ੍ਹਾਂ ਪੰਛੀਆਂ ਦੇ ਰੈਣਿ ਬਸੇਰੇ ਦਾ ਧਿਆਨ ਰੱਖੀਏ।
-ਜਸਵਿੰਦਰ ਸਿੰਘ ਪੰਧੇਰ
ਖੇੜੀ ਲੁਧਿਆਣਾ।
ਸ਼ਿਕਾਇਤ-ਧਿਆਨ ਹਿੱਤ ਸਿੱਖਿਆ ਮੰਤਰੀ ਪੰਜਾਬ ਦੇ
ਦਸਵੀਂ ਜਮਾਤ ਦੇ ਸਾਲਾਨਾ ਨਤੀਜੇ 'ਚ ਵਿਦਿਆਰਥਣ ਜਸ਼ਨਪ੍ਰੀਤ ਕੌਰ ਗਿੱਲ ਨਾਲ ਨਿਆਂ ਨਾ ਹੋਣ ਸੰਬੰਧੀ
ਉਪਰੋਕਤ ਵਿਸ਼ੇ ਦੇ ਸੰਬੰਧ 'ਚ ਸਨਿਮਰ ਬੇਨਤੀ ਹੈ ਕਿ ਮੇਰੀ ਬੇਟੀ ਜਸ਼ਨਪ੍ਰੀਤ ਕੌਰ ਗਿੱਲ, ਜੋ ਕਿ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟਸੁਖੀਆ (ਫਰੀਦਕੋਟ) ਦੀ ਵਿਦਿਆਰਥਣ ਹੈ। ਇਹ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਮਾਰਚ 2025 'ਚ ਲਈ ਗਈ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਮੇਰੀ ਬੇਟੀ ਦਾ ਰੋਲ ਨੰਬਰ 1025172976 ਹੈ। ਇਹ ਕਿ ਬੋਰਡ ਵਲੋਂ ਮਿਤੀ 15 ਮਈ, 2025 ਨੂੰ ਐਲਾਨੇ ਗਏ ਸਾਲਾਨਾ ਨਤੀਜੇ 'ਚ ਜਸ਼ਨਪ੍ਰੀਤ ਕੌਰ ਗਿੱਲ ਨੇ 650/650 ਯਾਨੀ ਸੌ ਫ਼ੀਸਦੀ ਅੰਕ ਹਾਸਿਲ ਕੀਤੇ ਹਨ। ਇਸ ਸੰਬੰਧੀ ਬੋਰਡ ਵਲੋਂ ਜਨਮ ਮਿਤੀ ਦੇ ਆਧਾਰ 'ਤੇ ਲਏ ਗਏ ਫ਼ੈਸਲੇ ਅਨੁਸਾਰ ਉਸ ਦਾ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹੈ। ਸ੍ਰੀਮਾਨ ਜੀ ਜਨਮ ਮਿਤੀ ਨੂੰ ਆਧਾਰ ਬਣਾ ਕੇ ਐਲਾਨੇ ਗਏ ਨਤੀਜੇ 'ਚ ਮੇਰੀ ਬੱਚੀ ਨਾਲ ਅਨਿਆਂ ਹੋਇਆ ਹੈ। ਪੰਜਾਬ ਦੀ ਮੈਰਿਟ ਸੂਚੀ 'ਚ ਚੌਥਾ ਸਥਾਨ ਦਿੱਤੇ ਜਾਣ ਨਾਲ ਜਿੱਥੇ ਸਾਡੀ ਬੱਚੀ ਮਾਨਸਿਕ ਰੂਪ 'ਚ ਬਹੁਤ ਜ਼ਿਆਦਾ ਪ੍ਰੇਸ਼ਾਨ ਹੋਈ ਹੈ, ਉਥੇ ਹੀ ਸਰਕਾਰੀ ਅਤੇ ਸਮਾਜਿਕ ਤੌਰ 'ਤੇ ਮਿਲਣ ਵਾਲੇ ਲਾਭ ਤੋਂ ਸਰਸਰੀ ਤੌਰ 'ਤੇ ਵਿਰਵੀ ਰਹਿ ਗਈ ਹੈ।
ਸੋ, ਕ੍ਰਿਪਾ ਕਰਕੇ ਜਸ਼ਨਪ੍ਰੀਤ ਕੌਰ ਨੂੰ ਇਨਸਾਫ਼ ਦਿਵਾਇਆ ਜਾਵੇ। ਆਪ ਜੀ ਦੀ ਬਹੁਤ-ਬਹੁਤ ਮਿਹਰਬਾਨੀ ਹੋਵੇਗੀ।
-ਮੋਹਰ ਸਿੰਘ ਗਿੱਲ ਪੁੱਤਰ ਸ. ਨੇਕ ਸਿੰਘ
ਪਿੰਡ ਸਿਰਸੜੀ, ਤਹਿਸੀਲ ਕੋਟਕਪੂਰਾ, ਜ਼ਿਲਾ ਫਰੀਦਕੋਟ-151207
ਮੋਬਾਈਲ : 98156-59110