ਗੁਰਦਾਸਪੁਰ-ਮੁਕੇਰੀਆਂ ਨਵੀਂ ਰੇਲ ਲਾਈਨ ਲਈ ਅੰਤਿਮ ਭੂਮੀ ਸਰਵੇਖਣ ਨੂੰ ਦਿੱਤੀ ਮਨਜ਼ੂਰੀ - ਮੰਤਰੀ ਰਵਨੀਤ ਬਿੱਟੂ
ਚੰਡੀਗੜ੍ਹ, 28 ਮਈ-ਪੰਜਾਬ ਲਈ ਵੱਡੀ ਖੁਸ਼ਖਬਰੀ ਹੈ ਗੁਰਦਾਸਪੁਰ-ਮੁਕੇਰੀਆਂ ਨਵੀਂ ਰੇਲ ਲਾਈਨ ਲਈ ਅੰਤਿਮ ਭੂਮੀ ਸਰਵੇਖਣ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ, ਜੋ ਕਿ ਸੰਪਰਕ ਵਧਾਉਣ ਵੱਲ ਇਕ ਮਹੱਤਵਪੂਰਨ ਕਦਮ ਹੈ। ਇਹ ਪ੍ਰੋਜੈਕਟ ਆਰਥਿਕ ਵਿਕਾਸ ਨੂੰ ਵਧਾਏਗਾ ਤੇ ਯਾਤਰਾ ਨੂੰ ਆਸਾਨ ਬਣਾਏਗਾ ਅਤੇ ਸਮੁੱਚੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰੇਗਾ। ਇਹ ਜਾਣਕਾਰੀ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਸੋਸ਼ਲ ਮੀਡੀਆ ਪੇਜ ਰਾਹੀਂ ਸਾਂਝੀ ਕੀਤੀ। ਰੇਲਵੇ ਵਲੋਂ ਗੁਰਦਾਸਪੁਰ-ਮੁਕੇਰੀਆਂ ਪ੍ਰੋਜੈਕਟ ਦੇ ਅੰਤਿਮ ਸਥਾਨ ਸਰਵੇਖਣ ਨੂੰ ਪ੍ਰਵਾਨਗੀ ਦਿੱਤੀ ਗਈ। ਇਹ ਵਿਚਾਰ ਮੰਤਰੀ ਰਵਨੀਤ ਬਿੱਟੂ ਨੇ ਸਾਂਝੇ ਕੀਤੇ। ਇਸ ਨਾਲ ਰੇਲ ਸੰਪਰਕ ਅਤੇ ਖੇਤਰ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਮਿਲੇਗਾ।
ਰੇਲ ਮੰਤਰਾਲੇ ਨੇ 30 ਕਿਲੋਮੀਟਰ ਲੰਬੇ ਗੁਰਦਾਸਪੁਰ-ਮੁਕੇਰੀਆਂ ਰੇਲ ਲਿੰਕ ਲਈ ਅੰਤਿਮ ਸਥਾਨ ਸਰਵੇਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸਨੂੰ ਖੇਤਰ ਲਈ ਇਕ ਵੱਡੀ ਪ੍ਰਾਪਤੀ ਦੱਸਦੇ ਹੋਏ ਕੇਂਦਰੀ ਰਾਜ ਮੰਤਰੀ (ਰੇਲਵੇ ਅਤੇ ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲਾ), ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਰੇਲ ਲਾਈਨ ਖੇਤਰੀ ਸੰਪਰਕ ਲਈ ਬਹੁਤ ਮਹੱਤਵਪੂਰਨ ਹੈ ਅਤੇ ਅੰਮ੍ਰਿਤਸਰ ਵੱਲ ਇਕ ਵਿਕਲਪਿਕ ਰਸਤਾ ਪ੍ਰਦਾਨ ਕਰੇਗੀ। ਰਵਨੀਤ ਸਿੰਘ ਬਿੱਟੂ ਨੇ ਅੱਗੇ ਦੱਸਿਆ ਕਿ ਗੁਰਦਾਸਪੁਰ ਪੰਜਾਬ ਦੇ ਮਾਝਾ ਖੇਤਰ ਵਿਚ ਸਥਿਤ ਹੈ, ਜੋ ਰਾਵੀ ਅਤੇ ਬਿਆਸ ਦਰਿਆਵਾਂ ਦੇ ਵਿਚਕਾਰ ਸਥਿਤ ਹੈ। ਇਹ ਇਕ ਜ਼ਿਲ੍ਹਾ ਹੈੱਡਕੁਆਰਟਰ ਹੈ ਜੋ ਪਾਕਿਸਤਾਨ ਨਾਲ ਸਰਹੱਦ ਸਾਂਝੀ ਕਰਦਾ ਹੈ। ਅਨਾਜ ਅਤੇ ਖਾਦਾਂ ਦੀ ਲੋਡਿੰਗ ਗੁਰਦਾਸਪੁਰ ਰੇਲਵੇ ਸਟੇਸ਼ਨ ਤੋਂ ਕੀਤੀ ਜਾਂਦੀ ਹੈ ਅਤੇ ਹਰ ਮਹੀਨੇ ਔਸਤਨ ਲਗਭਗ 5 ਰੈਕ ਇਥੋਂ ਸੰਭਾਲੇ ਜਾਂਦੇ ਹਨ। ਚਿਨਾ ਅਤੇ ਕਠਨੰਗਲ ਨਾਮਕ ਦੋ ਗੁਡਸ ਕੈਰੀਅਰ ਟਰਮੀਨਲ (ਜੀ.ਸੀ.ਟੀ.) ਵੀ ਇਸ ਖੇਤਰ ਵਿਚ ਸਰਗਰਮ ਹਨ।
ਇਸ ਇਲਾਕੇ ਤੋਂ ਅੰਬਾਲਾ ਤੱਕ ਸਾਮਾਨ ਭੇਜਣ ਜਾਂ ਲਿਆਉਣ ਲਈ, ਵਰਤਮਾਨ ਵਿਚ ਅੰਮ੍ਰਿਤਸਰ ਅਤੇ ਜਲੰਧਰ (ਲਗਭਗ 140 ਕਿਲੋਮੀਟਰ) ਜਾਂ ਪਠਾਨਕੋਟ ਅਤੇ ਜਲੰਧਰ (ਲਗਭਗ 142 ਕਿਲੋਮੀਟਰ) ਰਾਹੀਂ ਲੰਮੀ ਦੂਰੀ ਤੈਅ ਕਰਨੀ ਪੈਂਦੀ ਹੈ। ਕਈ ਵਾਰ ਅੰਮ੍ਰਿਤਸਰ ਸਟੇਸ਼ਨ ਤੋਂ ਲੰਘਦੇ ਸਮੇਂ ਰੈਕਾਂ ਨੂੰ ਉਲਟਾਉਣਾ ਪੈਂਦਾ ਹੈ। ਇਸ ਨਵੀਂ ਰੇਲ ਲਾਈਨ ਦੇ ਨਿਰਮਾਣ ਤੋਂ ਬਾਅਦ, ਆਵਾਜਾਈ ਮੁਕੇਰੀਆਂ (ਲਗਭਗ 92 ਕਿਲੋਮੀਟਰ) ਰਾਹੀਂ ਚੱਲੇਗੀ, ਜਿਸ ਨਾਲ ਹਰੇਕ ਰੈਕ 'ਤੇ ਲਗਭਗ 50 ਕਿਲੋਮੀਟਰ ਦੀ ਦੂਰੀ ਬਚੇਗੀ ਅਤੇ ਅੰਮ੍ਰਿਤਸਰ 'ਤੇ ਉਲਟਣ ਦੀ ਸਮੱਸਿਆ ਵੀ ਖਤਮ ਹੋ ਜਾਵੇਗੀ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਇਕ ਸਰਹੱਦੀ ਜ਼ਿਲ੍ਹਾ ਹੋਣ ਕਰਕੇ, ਤਿੱਬੜ (ਤਿੱਬੜੀ ਛਾਉਣੀ) ਵਿਚ ਇਕ ਫੌਜੀ ਖੇਤਰ ਵੀ ਹੈ, ਜਿਸ ਕਾਰਨ ਇਸ ਪ੍ਰਸਤਾਵਿਤ ਰੇਲਵੇ ਲਾਈਨ ਰਾਹੀਂ ਫੌਜੀ ਆਵਾਜਾਈ ਵੀ ਚਲਾਈ ਜਾਵੇਗੀ। ਇਸ ਤੋਂ ਇਲਾਵਾ ਧਾਰੀਵਾਲ ਤੋਂ ਸਥਾਨਕ ਆਵਾਜਾਈ ਦੀ ਵੀ ਸੰਭਾਵਨਾ ਹੈ ਕਿਉਂਕਿ ਇਹ ਖੇਤਰ ਉੱਨੀ ਕੱਪੜੇ ਬਣਾਉਣ ਲਈ ਮਸ਼ਹੂਰ ਹੈ।