ਸਾਡੇ ਨਾਲ ਫ਼ੌਜ ਅਧਿਕਾਰੀਆਂ ਦੀ ਨਹੀਂ ਹੋਈ ਕੋਈ ਵੀ ਗੱਲ- ਐਡਵੋਕੇਟ ਧਾਮੀ/ਗਿਆਨੀ ਰਘਬੀਰ ਸਿੰਘ

ਅੰਮ੍ਰਿਤਸਰ, 20 ਮਈ (ਜਸਵੰਤ ਸਿੰਘ ਜੱਸ)- ਫ਼ੌਜ ਦੇ ਅਧਿਕਾਰੀ ਵਲੋਂ ਸ੍ਰੀ ਦਰਬਾਰ ਸਾਹਿਬ ’ਤੇ ਪਾਕਿ ਹਮਲੇ ਦੇ ਬਿਆਨ ਸੰਬੰਧੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨਾਲ ਬਲੈਕਆਊਟ ਦੇ ਸਮੇਂ ਲਾਈਟਾਂ ਬੰਦ ਕਰਵਾਉਣ ਸੰਬੰਧੀ ਸੰਪਰਕ ਕੀਤਾ ਗਿਆ ਸੀ, ਜਿਸ ਸਬੰਧੀ ਪ੍ਰਬੰਧਕੀ ਤੌਰ ਉੱਤੇ ਜ਼ਿੰਮੇਵਾਰੀ ਸਮਝਦਿਆਂ ਅਸੀਂ ਪੂਰਨ ਸਹਿਯੋਗ ਕੀਤਾ ਸੀ। ਉਨ੍ਹਾਂ ਕਿਹਾ ਕਿ ਭਾਰਤੀ ਫ਼ੌਜ ਦੇ ਅਧਿਕਾਰੀਆਂ ਵਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਵਾਈ ਸੁਰੱਖਿਆ ਗੰਨਾਂ ਲਗਾਉਣ ਸੰਬੰਧੀ ਕਿਸੇ ਕਿਸਮ ਦਾ ਸੰਪਰਕ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਐਡੀਸ਼ਨਲ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ ਨਾਲ ਸਲਾਹ ਕਰਕੇ ਬਾਹਰੀ ਲਾਈਟਾਂ ਹੀ ਬੰਦ ਕਰਵਾਈਆਂ ਗਈਆਂ ਸਨ। ਐਡਵੋਕੇਟ ਧਾਮੀ ਨੇ ਕਿਹਾ ਕਿ ਬਲੈਕਆਊਟ ਦੌਰਾਨ ਵੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤ ਨਤਮਸਤਕ ਹੋਣ ਤੇ ਸੇਵਾ ਕਰਨ ਪੁੱਜਦੀ ਰਹੀ ਹੈ ਅਤੇ ਜੇਕਰ ਗੰਨਾਂ ਲਗਾਉਣ ਜਿਹੀ ਕੋਈ ਘਟਨਾ ਵਾਪਰੀ ਹੁੰਦੀ ਤਾਂ ਸੰਗਤ ਨੇ ਵੀ ਇਸ ਨੂੰ ਜ਼ਰੂਰ ਦੇਖਿਆ ਅਤੇ ਨੋਟਿਸ ਕੀਤਾ ਹੁੰਦਾ। ਉਨ੍ਹਾਂ ਕਿਹਾ ਕਿ ਫੌਜ ਦੇ ਇਕ ਅਧਿਕਾਰੀ ਵਲੋਂ ਅਜਿਹੀ ਗੱਲ ਨੂੰ ਅੱਗੇ ਵਧਾਉਣਾ ਹੈਰਾਨੀਜਨਕ ਹੈ। ਉਨ੍ਹਾਂ ਕਿਹਾ ਭਾਰਤ ਸਰਕਾਰ ਨੂੰ ਇਹ ਗੱਲ ਸਪੱਸ਼ਟ ਕਰਨੀ ਚਾਹੀਦੀ ਹੈ ਕਿ ਅਜਿਹੇ ਬਿਆਨ ਫੌਜ ਦੇ ਅਧਿਕਾਰੀਆਂ ਵਲੋਂ ਕਿਉਂ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਬਣੇ ਤਣਾਅ-ਪੂਰਨ ਹਾਲਾਤ ਵਿਚ ਦੇਸ਼ ਅਤੇ ਫੌਜ ਵਲੋਂ ਨਿਭਾਈ ਭੂਮਿਕਾ ਸ਼ਲਾਘਾਯੋਗ ਹੈ ਪਰੰਤੂ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਬਾਰੇ ਕਈ ਦਿਨਾਂ ਬਾਅਦ ਅਜਿਹੀ ਗਲਤ ਗੱਲ ਫੈਲਾਉਣੀ ਹੈਰਾਨੀਜਨਕ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਵਜੋਂ ਐਡਵੋਕੇਟ ਧਾਮੀ ਨੇ ਸਪੱਸ਼ਟ ਕੀਤਾ ਕਿ ਬੰਦੂਕਾਂ ਲਗਾਉਣ ਜਿਹੀ ਕੋਈ ਪ੍ਰਵਾਨਗੀ ਨਹੀਂ ਦਿੱਤੀ ਗਈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਵੀ ਸਪੱਸ਼ਟ ਕੀਤਾ ਕਿ ਭਾਵੇਂ ਕਿ ਜਦੋਂ ਬੀਤੇ ਦਿਨੀਂ ਫ਼ੌਜ ਦੀ ਕਾਰਵਾਈ ਚੱਲ ਰਹੀ ਸੀ, ਉਹ ਉਸ ਸਮੇਂ ਵਿਦੇਸ਼ ਦੌਰੇ ਉੱਤੇ ਸਨ, ਪਰੰਤੂ ਇਸ ਦੌਰਾਨ ਉਨ੍ਹਾਂ ਨਾਲ ਇਸ ਸੰਬੰਧੀ ਕੋਈ ਗੱਲਬਾਤ ਨਹੀਂ ਹੋਈ ਅਤੇ ਨਾ ਹੀ ਅਜਿਹੀ ਕੋਈ ਗੱਲ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਹੈ। ਗਿਆਨੀ ਰਘਬੀਰ ਸਿੰਘ ਨੇ ਫੌਜ ਦੇ ਅਧਿਕਾਰੀ ਵਲੋਂ ਬਿਆਨਬਾਜ਼ੀ ਨੂੰ ਹੈਰਾਨੀਜਨਕ ਦੱਸਿਆ।