ਅਜਨਾਲਾ ਨੇੜੇ ਗਊ ਵੰਸ਼ ਦੇ ਮਾਸ ਦੇ ਟੁਕੜੇ ਮਿਲਣ ਨਾਲ ਲੋਕਾਂ 'ਚ ਰੋਸ

ਅਜਨਾਲਾ (ਅੰਮ੍ਰਿਤਸਰ), 18 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਅਜਨਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਗੁੱਝਾਪੀਰ ਨੇੜੇ ਨਵੇਂ ਬਣ ਰਹੇ ਹਾਈਵੇ ਬਾਈਪਾਸ ਦੇ ਕੰਢੇ ਤੋਂ ਗਊ ਵੰਸ਼ ਦੇ ਮਾਸ ਦੇ ਟੁਕੜੇ (ਅੰਤੜੀਆਂ) ਮਿਲਣ ਨਾਲ ਇਕ ਭਾਈਚਾਰੇ ਦੇ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਇਹ ਸੂਚਨਾ ਮਿਲਦਿਆਂ ਹੀ ਮੌਕੇ 'ਤੇ ਪੁੱਜੇ ਡੀ.ਐਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਔਲਖ ਅਤੇ ਥਾਣਾ ਅਜਨਾਲਾ ਦੇ ਐਸ.ਐਚ.ਓ. ਇੰਸਪੈਕਟਰ ਮੁਖਤਿਆਰ ਸਿੰਘ ਵਲੋਂ ਸਾਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੌਕੇ 'ਤੇ ਪੁੱਜੇ ਕਾਹਨਾ ਗਊਸ਼ਾਲਾ ਅਜਨਾਲਾ ਦੇ ਪ੍ਰਧਾਨ ਮਨੋਜ ਕੁਮਾਰ ਅਤੇ ਐਡਵੋਕੇਟ ਸੰਦੀਪ ਕੌਸ਼ਲ ਸਮੇਤ ਹਿੰਦੂ ਭਾਈਚਾਰੇ ਦੇ ਹੋਰਨਾਂ ਆਗੂਆਂ ਨੇ ਕਿਹਾ ਕਿ ਗਊਆਂ ਦੀਆਂ ਅੰਤੜੀਆਂ ਮਿਲਣ ਦੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਦੋਸ਼ੀਆਂ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕਰਕੇ ਉਨ੍ਹਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ। ਡੀ.ਐਸ.ਪੀ ਅਜਨਾਲਾ ਗੁਰਵਿੰਦਰ ਸਿੰਘ ਔਲਖ ਨੇ ਦੱਸਿਆ ਕਿ ਵੈਟਰਨਰੀ ਡਾਕਟਰਾਂ ਦੀ ਟੀਮ ਬੁਲਾਈ ਗਈ ਹੈ ਤੇ ਉਨ੍ਹਾਂ ਦੀ ਜਾਂਚ ਦੌਰਾਨ ਜੇਕਰ ਇਹ ਗਊ ਵੰਸ਼ ਦੇ ਮਾਸ ਦੇ ਟੁਕੜੇ ਨਿਕਲੇ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।