18-05-2025
ਸ੍ਰੀ ਗੁਰੂ ਅਮਰਦਾਸ ਜੀ
ਲੇਖਕ : ਪਰਮਪਾਲ ਸਿੰਘ ਸੋਢੀ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨ, ਸਮਾਣਾ
ਮੁੱਲ : 150 ਰੁਪਏ, ਸਫ਼ੇ : 79
ਸੰਪਰਕ : 99100-05278
ਲੇਖਕ ਨੇ ਇਸ ਕਿਤਾਬ ਨੂੰ 4 ਭਾਗਾਂ ਅਤੇ 9 ਉਪ ਸਿਰਲੇਖਾਂ ਹੇਠ ਵੰਡਿਆ ਹੈ। ਜਿਨ੍ਹਾਂ ਵਿਚ ਪਹਿਲੇ ਭਾਗ 'ਚ ਸ੍ਰੀ ਗੁਰੂ ਅਮਰਦਾਸ ਜੀ ਦਾ ਅਦੁੱਤੀ ਜੀਵਨ ਪ੍ਰਕਾਸ਼ (ਜਨਮ), ਵਿਆਹ ਅਤੇ ਸੰਤਾਨ, ਜੀਵਨ ਲਗਨ ਤੇ ਕਾਰ ਵਿਹਾਰ, ਦੁਰਗਾ ਦੱਤ ਪੰਡਿਤ ਦੀ ਭਵਿੱਖਬਾਣੀ, ਨਿਗੁਰੇ ਕਾ ਹੈ ਨਾਉ ਬੁਰਾ, ਗੁਰੂ ਮਿਲਾਪ, ਗੁਰੂ ਦਰਬਾਰ ਵਿਚ ਸੇਵਾ, ਗੁਰ ਸੇਵਾ ਦਾ ਮੇਵਾ ਮਿਲਣਾ-ਵਰਾਂ ਦੀ ਬਖਸ਼ਿਸ਼ ਹੋਣੀ, ਗੋਇੰਦਵਾਲ ਸਾਹਿਬ ਦੀ ਸਥਾਪਨਾ। ਦੂਸਰੇ ਭਾਗ ਵਿਚ ਗੁਰਗੱਦੀ ਦੀ ਬਖਸ਼ਿਸ਼ ਹੋਣੀ, ਬਾਬਾ ਦਾਤੂ ਜੀ ਵਲੋਂ ਗੁਰੂ ਸਾਹਿਬ ਦਾ ਵਿਰੋਧ ਕਰਨਾ, ਗੁਰੂ ਸਾਹਿਬ ਦੀ ਨਿਰਮਾਣਤਾ, ਗੁਰੂ ਸਾਹਿਬ ਦਾ ਗੋਇੰਦਵਾਲ ਛੱਡ ਕੇ ਬਾਸਰਕੇ ਆਉਣਾ ਅਤੇ ਗੁਰੂ ਸਾਹਿਬ ਦਾ ਅਲੋਪ ਹੋ ਜਾਣਾ। ਤੀਸਰੇ ਭਾਗ 'ਚ ਗੁਰੂ ਸਾਹਿਬ ਦਾ ਨਿੱਤ ਕਰਮ, ਭਾਈ ਸਾਵਣ ਮੱਲ ਦਾ ਹੰਕਾਰ ਤੋੜਨਾ, ਲੋਭੀ ਤਪੇ ਦਾ ਪਾਜ ਉਧੇੜਨਾ, ਗੰਗੂ ਸ਼ਾਹੂਕਾਰ ਦਾ ਉਧਾਰ ਕਰਨਾ, ਨਾਨਕ ਸੇਈ ਉਬਰੇ ਜਿ ਸਚਿ ਰਹੇ ਲਿਵ ਲਾਏ, ਮਹੇਸ਼ੇ ਸ਼ਾਹੂਕਾਰ ਦਾ ਉਧਾਰ, ਪੰਡਿਤ ਮਾਈ ਦਾਸ ਨੂੰ ਉਪਦੇਸ਼ ਦੇਣਾ, ਬੇਣੀ ਪੰਡਤ ਦਾ ਨਿਸਤਾਰਾ, ਲੰਬੇ ਭਾਈ ਪ੍ਰੇਮਾ ਦੀ ਲੱਤ ਦਾ ਇਲਾਜ ਕਰਨਾ, ਸ਼ਾਹ ਹੁਸੈਨ ਨੂੰ ਸੋਭਾ ਬਖਸ਼ਣੀ, ਸਰੀਰ ਨਾਲ ਹੀ ਸਿਮਰਨ ਹੈ, ਮਨੁੱਖ ਲਈ ਸਭ ਤੋਂ ਚੰਗਾ ਮਹੂਰਤ ਉਹ ਹੀ ਹੈ ਜਦੋਂ ਉਹ ਨਾਮ ਜਪਦਾ ਹੈ, ਮਾਣਕ ਹੁਇ ਮਰਤੋ ਨਾਹੀ, ਬੀਰਬਲ ਨੂੰ ਚੁਕਾਵਾ ਕਰ ਦੇਣ ਤੋਂ ਇਨਕਾਰ ਕਰਨਾ, ਪ੍ਰੇਮਾ ਕੋਹੜੀ ਦਾ ਉਧਾਰ ਕਰਨਾ, ਬਾਲ ਅਰਜਨ ਦੇਵ ਜੀ ਨੂੰ 'ਦੋਹਿਤਾ ਬਾਣੀ ਕਾ ਬੋਹਿਥਾ' ਦਾ ਵਰ ਦੇਣਾ, ਅਤੇ ਬਾਬਾ ਮੋਹਰੀ ਜੀ ਨੂੰ ਮਾਇਆ ਤੋਂ ਨਿਰਲੇਪ ਰਹਿਣ ਦਾ ਉਪਦੇਸ਼ ਦੇਣਾ। ਚੌਥੇ ਭਾਗ ਵਿਚ ਗੋਂਦੇ ਮਰਵਾਹੇ ਦੇ ਪੁੱਤਰ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ, ਬ੍ਰਾਹਮਣਾਂ ਅਤੇ ਸਨਾਤਨੀ ਹਿੰਦੂਆਂ ਦੀ ਸ਼ਿਕਾਇਤ ਦਾ ਨਿਪਟਾਰਾ ਕਰਨਾ ਦਰਜ ਕੀਤਾ ਹੈ ਅਤੇ ਉਪ ਸਿਰਲੇਖਾਂ ਵਿਚ ਬਾਦਸ਼ਾਹ ਅਕਬਰ ਦਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਉਣਾ, ਸ੍ਰੀ ਗੁਰੂ ਅਮਰਦਾਸ ਜੀ ਦੀ ਅਦੁੱਤੀ ਦੇਣ, ਗੁਰਿਆਈ ਬਖਸ਼ਣ ਲਈ ਪਰਖ ਕਰਨਾ, ਭਾਈ ਜੇਠਾ ਜੀ ਨੂੰ ਉਮਰ ਅਤੇ ਗੁਰਿਆਈ ਦੀ ਬਖਸ਼ਿਸ਼ ਕਰਨਾ, ਬੀਬੀ ਭਾਨੀ ਨੂੰ ਗੁਰਿਆਈ ਸੋਢੀ ਬੰਸ ਵਿਚ ਰਹਿਣ ਦਾ ਵਰ ਦੇਣਾ, ਜੋਤੀ ਜੋਤਿ ਸਮਾਉਣਾ, ਸ੍ਰੀ ਗੁਰੂ ਅਮਰਦਾਸ ਜੀ ਦੀ ਉਪਮਾ, ਸ੍ਰੀ ਗੁਰੂ ਅਮਰਦਾਸ ਜੀ ਦੀ ਪਾਵਨ ਚਰਨ ਛੋਹ ਪ੍ਰਾਪਤ ਅਸਥਾਨ ਅਤੇ ਅੰਤ ਵਿਚ ਹਵਾਲਾ-ਸਹਾਇਕ ਪੁਸਤਕਾਂ ਦਾ ਵੇਰਵਾ ਕਿਤਾਬ ਵਿਚ ਅੰਕਿਤ ਕੀਤਾ ਹੈ।
ਸ੍ਰੀ ਗੁਰੂ ਅਮਰਦਾਸ ਜੀ ਦਾ ਅਦੁੱਤੀ ਜੀਵਨ ਪ੍ਰਕਾਸ਼ (ਜਨਮ) ਆਪ ਨਰਾਇਣੁ ਕਲਾ ਧਾਰ, ਸੇਵਾ, ਸਿਮਰਨ, ਨਿਮਰਤਾ ਤੇ ਨਿਰਮਲਤਾ ਦੇ ਪੁੰਜ, ਗੁਣਾਂ ਦੀ ਖਾਨ, ਮਿਹਰਾਂ ਦੇ ਸਾਈਂ, ਕਹਿਣੀ ਤੇ ਕਥਨੀ ਦੇ ਪੂਰੇ, ਸੱਚ ਦੇ ਪਾਲਣਹਾਰ, ਅਕਾਲ-ਰੂਪ, ਸੰਤ ਕਵੀ, ਉਦਾਰ ਚਿੱਤ ਤੇ ਤਿਆਗੀ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ (ਜਨਮ) ਵੈਸਾਖ ਸੁਦੀ 14, ਸੰਮਤ 1536 ਬਿਕਰਮੀ ਮੁਤਾਬਕ 5 ਮਈ 1479 ਈਸਵੀ ਨੂੰ ਪਿੰਡ ਬਾਸਰਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ (ਪੰਜਾਬ) ਵਿਚ ਭਾਈ ਤੇਜ ਭਾਨ ਜੀ ਭੱਲੇ ਖੱਤਰੀ ਦੇ ਘਰ ਮਾਤਾ ਸੁਲੱਖਣੀ (ਲੱਛਮੀ, ਲੱਖੋ, ਰੂਪ ਕੌਰ, ਬਖਤ ਕੌਰ) ਜੀ ਦੀ ਪਾਵਨ ਕੁੱਖ ਤੋਂ ਹੋਇਆ। ਆਪ ਚੌਹਾਂ ਭਰਾਵਾਂ ਵਿਚੋਂ ਉਮਰ ਵਿਚ ਸਭ ਤੋਂ ਛੋਟੇ ਸਨ। ਆਪ ਜੀ ਦੇ ਮਾਤਾ ਪਿਤਾ ਦੋਵੇਂ ਬਹੁਤ ਧਾਰਮਿਕ ਅਤੇ ਉੱਚੇ ਸੁੱਚੇ ਜੀਵਨ ਵਾਲੇ ਇਨਸਾਨ ਸਨ। ਆਪ ਨੂੰ ਭਗਤੀ ਭਾਵਨਾ ਤੇ ਕਰਮ ਨਿਸ਼ਠਾ ਵਿਰਾਸਤ ਵਿਚ ਹੀ ਮਿਲੀ। ਸੰਖੇਪ ਰੂਪ ਵਿਚ ਗੁਰੂ ਅਮਰਦਾਸ ਜੀ ਦੀ ਜੀਵਨੀ ਇਸ ਪੁਸਤਕ ਵਿਚ ਦਰਜ ਹੈ। ਸ਼ੁਭਚਿੰਤਕਾਂ ਨੂੰ ਕਿਤਾਬ ਪੜ੍ਹ ਕੇ ਗੁਰੂ ਜੀ ਦੀ ਜੀਵਨੀ ਵੱਲੋਂ ਦਿਤੀਆਂ ਸਿੱਖਿਆਵਾਂ ਨੂੰ ਅਪਣਾਉਣਾ ਚਾਹੀਦਾ ਹੈ।
-ਦਿਲਜੀਤ ਸਿੰਘ ਬੇਦੀ
ਮੋਬਾਈਲ : 98148-98570
ਛੱਬੀ ਮਰਦ ਤੇ ਇਕ ਕੁੜੀ
ਅਨੁਵਾਦ : ਬੇਅੰਤ ਸਿੰਘ ਬਾਜਵਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ :300, ਸਫ਼ੇ : 168
ਸੰਪਰਕ : 80000-00584
ਰੂਸ ਸੋਵੀਅਤ ਸੰਘ ਦੇ ਪ੍ਰਸਿੱਧ ਸਾਹਿਤਕਾਰ ਮੈਕਸਿਮ ਗੋਰਕੀ ਦੀਆਂ ਸੱਤ ਕਹਾਣੀਆਂ 'ਤੇ ਆਧਾਰਿਤ ਹਥਲੀ ਪੁਸਤਕ ਛੱਬੀ ਮਰਦ ਤੇ ਇਕ ਕੁੜੀ ਦਾ ਅਨੁਵਾਦ ਬੇਅੰਤ ਸਿੰਘ ਬਾਜਵਾ ਦੁਆਰਾ ਕੀਤਾ ਗਿਆ ਹੈ। ਇਹ ਸੱਤ ਕਹਾਣੀਆਂ ਮੈਕਸਿਮ ਗੋਰਕੀ ਦੀ ਕਹਾਣੀਕਲਾ, ਕਥਾ ਦ੍ਰਿਸ਼ ਚਿੱਤਰਨ ਕਲਾ ਅਤੇ ਵਿਲੱਖਣ ਬਿਰਤਾਂਤ ਜੁਗਤਾਂ ਦੀ ਵਰਤੋਂ ਦੀ ਸਾਰਥਕ ਗਵਾਹੀ ਬਣਦੀਆਂ ਹਨ। ਉਸ ਦੀਆਂ ਕਹਾਣੀਆਂ ਜ਼ਿੰਦਗੀ ਦੇ ਅਨੁਭਵ ਅਤੇ ਜ਼ਿੰਦਗੀ ਵਿਚ ਆਏ ਬਦਲਾਅ ਨੂੰ ਪੇਸ਼ ਕਰਦੀਆਂ ਹਨ। ਜ਼ਿੰਦਗੀ ਦੀ ਇਸ ਤੇਜ਼ ਰਫ਼ਤਾਰੀ ਵਿਚ ਵੀ ਉਸ ਦੀ ਕਹਾਣੀ ਵਿਚ ਇਕ ਟਿਕਾਅ ਹੈ ਅਤੇ ਕਹਾਣੀ ਲਿਖਦਾ ਉਹ ਆਪਣੇ ਪਾਠਕ ਨੂੰ ਸਿੱਧਾ ਮੁਖ਼ਾਤਿਬ ਹੁੰਦਾ ਹੋਇਆ ਕਹਾਣੀ ਦਾ ਕਥਾਨਕ ਉਸ ਦੇ ਜ਼ਿਹਨ ਵਿਚ ਉਤਾਰ ਦਿੰਦਾ ਹੈ। ਨਾਲ ਹੀ ਲੋੜੀਂਦੇ ਕਹਾਣੀ ਰਸ ਨਾਲ ਪਾਠਕ ਦੀ ਉਤਸੁਕਤਾ ਅੰਤ ਤੱਕ ਬਰਕਰਾਰ ਰਹਿੰਦੀ ਹੈ। ਇਸ ਕਹਾਣੀ ਸੰਗ੍ਰਹਿ ਦੀ ਪਹਿਲੀ ਕਹਾਣੀ 'ਛੱਬੀ ਮਰਦ ਤੇ ਇਕ ਕੁੜੀ' ਵਿਚ ਗ਼ੁਲਾਮੀ ਦੇ ਹਨੇਰਾ ਭੋਗ ਰਹੇ ਛੱਬੀ ਮਰਦਾਂ ਦੀ ਗੱਲ ਕੀਤੀ ਹੈ ਜੋ ਤਾਨੀਆ ਨਾਂਅ ਇਕ ਕੁੜੀ ਵੱਲ ਇਸ ਢੰਗ ਨਾਲ ਆਕਰਸ਼ਿਤ ਹੁੰਦੇ ਹਨ ਕਿ ਉਨ੍ਹਾਂ ਨੂੰ ਉਸ ਹਨੇਰੇ ਵਿਚ ਚਾਨਣ ਦੀ ਕਿਰਨ ਉਸ ਤੋਂ ਹੀ ਮਹਿਸੂਸ ਹੁੰਦੀ ਹੈ। ਦੂਜੀ ਕਹਾਣੀ 'ਮੇਰਾ ਪਹਿਲਾ ਪਿਆਰ' ਵੀ ਪਤੀ-ਪਤਨੀ ਦੇ ਹੁਸੀਨ ਰਿਸ਼ਤੇ ਨੂੰ ਬਿਆਨਦੀ ਇਕ ਬਹੁਤ ਖੂਬਸੂਰਤ ਕਹਾਣੀ ਹੈ। ਕਹਾਣੀ 'ਮਨੁੱਖ ਦਾ ਜਨਮ' ਵਿਚ ਇਕ ਨਵਜੰਮੇ ਬੱਚੇ ਦੇ ਜਨਮ ਸਮੇਂ ਦੇ ਅਨੁਭਵ ਨੂੰ ਕਹਾਣੀ ਵਿਚ ਚਿੱਤਰਿਆ ਗਿਆ ਹੈ। ਕਹਾਣੀ 'ਬਾਜ ਦਾ ਗੀਤ' ਮਿਥ ਰੂੜੀ 'ਤੇ ਆਧਾਰਿਤ ਕਹਾਣੀ ਹੈ ਅਤੇ 'ਬੁੱਢੀ ਇਜ਼ਰਾਇਲ' ਕੁਝ ਲੋਕ ਕਹਾਣੀਆਂ 'ਤੇ ਅਧਾਰਿਤ ਇਕ ਸ਼ਾਨਦਾਰ ਕਹਾਣੀ ਹੈ। ਇਸੇ ਤਰ੍ਹਾਂ ਕਹਾਣੀ 'ਪਤਝੜ ਦੀ ਰਾਤ' ਵੀ ਇਕ ਤੂਫ਼ਾਨੀ ਰਾਤ ਦੇ ਵਿਲੱਖਣ ਅਨੁਭਵ ਨੂੰ ਚਿੱਤਰਦੀ ਕਹਾਣੀ ਹੈ ਜਿਸ ਦਾ ਬਿਰਤਾਂਤ ਦ੍ਰਿਸ਼ ਕਹਾਣੀਕਾਰ ਵਲੋਂ ਬਾਖੂਬੀ ਚਿੱਤਰਿਆ ਗਿਆ ਹੈ। ਇਸ ਪੁਸਤਕ ਦੀ ਖੂਬਸੂਰਤੀ ਬੇਅੰਤ ਸਿੰਘ ਬਾਜਵਾ ਦੀ ਅਨੁਵਾਦ ਕਲਾ ਹੈ ਜਿਸ ਕਾਰਨ ਇਹ ਕਹਾਣੀਆਂ ਆਪਣੇ ਸਹੀ ਮਾਅਨਿਆਂ ਵਿਚ ਹੀ ਪੰਜਾਬੀ ਭਾਸ਼ਾ ਦੇ ਪਾਠਕਾਂ ਤੱਕ ਪੁੱਜੀਆਂ ਹਨ।
-ਡਾ. ਸੰਦੀਪ ਰਾਣਾ
ਮੋਬਾਈਲ : 98728-87551
ਗੁਰਬਾਣੀ ਵਿਚਾਰ
ਲੇਖਕ : ਤੀਰਥ ਸਿੰਘ ਢਿੱਲੋਂ
ਪ੍ਰਕਾਸ਼ਕ : ਲੇਖਕ ਖ਼ੁਦ
ਮੁੱਲ : 250 ਰੁਪਏ, ਸਫ਼ੇ : 100
ਸੰਪਰਕ : 98154-61710
ਗੁਰਮਤਿ ਸੰਗੀਤ ਅਤੇ ਗੁਰਬਾਣੀ ਦੇ ਗਿਆਤਾ ਹੋਣਾ, ਧਰਮਾਰਥ ਕਾਰਜ ਕਰਨ ਵਾਲੀ ਸ਼ਖ਼ਸੀਅਤ ਦੇ ਕਰਮਾਂ ਵਿਚ ਹੁੰਦਾ ਹੈ। ਇਹ ਅਧਿਆਤਮਕ-ਮਾਰਗ, ਰੂਹਾਨੀਅਤ-ਆਤਮਾ ਵਾਲਾ ਹੀ ਮਾਣ ਸਕਦਾ। ਇਸ ਪ੍ਰਸੰਗ ਵਿਚ ਤੀਰਥ ਸਿੰਘ ਢਿੱਲੋਂ ਇਕ ਵਿਲੱਖਣ ਸ਼ਖ਼ਸੀਅਤ ਤੇ ਲੇਖਕ ਹੈ, ਜਿਸ ਨੇ ਆਪਣੀ ਨੌਕਰੀ ਦੌਰਾਨ ਆਪਣੇ ਕਰੱਤਵ ਨੂੰ ਦਿਆਨਤਦਾਰੀ ਨਾਲ ਨਿਭਾਉਂਦਿਆਂ, ਆਪਣੀ ਵੱਖਰੀ ਆਭਾ ਦਾ ਜਲੌਅ ਸਿੱਖ-ਜਗਤ ਵਿਚ ਬਖੇਰਿਆ। ਰੀਵਿਊ ਅਧੀਨ ਪੁਸਤਕ 'ਗੁਰਬਾਣੀ ਵਿਚਾਰ' ਉਨ੍ਹਾਂ ਵਲੋਂ ਆਲ ਇੰਡੀਆ ਰੇਡੀਓ ਤੋਂ ਪ੍ਰਸਾਰਿਤ ਲੇਖਾਂ ਦਾ ਇਕ ਸੰਗ੍ਰਹਿ ਹੈ, ਜਿਸ ਵਿਚ 23 ਲੇਖ ਸ਼ਾਮਿਲ ਹਨ। ਪਹਿਲਾ ਹੈ 'ਬਿਨੁ ਹਰਿ ਭਜਨ ਨਹੀਂ ਛੁਟਕਾਰਾ' ਤੇ ਉਸ ਤੋਂ ਬਾਅਦ ਗੁਰਬਾਣੀ ਵਿਚ ਹੁਕਮ ਦਾ ਸੰਕਲਪ, ਅੰਮ੍ਰਿਤ ਦਾ ਸੰਕਲਪ, ਅਰਦਾਸ ਦਾ ਸੰਕਲਪ, ਬ੍ਰਹਮ ਗਿਆਨੀ ਦਾ ਸੰਕਲਪ, ਧਰਮ ਦਾ ਸੰਕਲਪ, ਗੁਰੂ ਦਾ ਸੰਕਲਪ, ਰੱਬੀ ਰਜ਼ਾ ਦਾ ਸੰਕਲਪ, ਇਕ ਦਾ ਸੰਕਲਪ, ਜਨ ਕੋ ਪ੍ਰਭ ਅਪਨੈ ਕਾ ਤਾਣ ਸੰਕਲਪ, ਲੋਕਾਚਾਰ, ਸਭਿਆਚਾਰ ਅਤੇ ਲੋਕ-ਧਾਰਾ, ਮਿੱਤਰ ਦਾ ਸੰਕਲਪ, ਨਾਮ ਦਾ ਸੰਕਲਪ, ਪ੍ਰੇਮ ਦਾ ਸੰਕਲਪ, ਪਰਉਪਕਾਰ ਦਾ ਸੰਕਲਪ, ਪ੍ਰੇਮ ਦਾ ਸੰਕਲਪ, ਸੱਚ ਦਾ ਸੰਕਲਪ, ਸਾਂਝੀਵਾਲਤਾ ਦਾ ਸੰਕਲਪ, ਸੇਵਾ ਦਾ ਸੰਕਲਪ, ਸੁੱਖ ਦਾ ਸੰਕਲਪ, ਗੁਰੂ ਗਰੰਥ ਸਾਹਿਬ ਵਿਚ ਭੱਟਾਂ ਦੀ ਬਾਣੀ ਦਾ ਸਥਾਨ, ਨਾਨਕ ਬਾਣੀ ਵਿਚ ਵਿਗਿਆਨਕ ਸੋਚ, ਜਾਣਹੁ ਜੋਤਿ ਨ ਪੁਛਹੁ ਜਾਤੀ ਅਤੇ ਅੰਤ ਵਿਚ ਗੁਰਬਾਣੀ ਦਾ ਇਨਕਲਾਬੀ ਸੰਦੇਸ਼। ਇੰਝ ਇਹ ਲੇਖ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਦੇ ਸੰਦੇਸ਼ ਨੂੰ ਪਾਠਕਾਂ ਤੱਕ ਪ੍ਰਚਾਰਨ ਤੇ ਪ੍ਰਸਾਰਨ ਦਾ ਉੱਤਮ ਉੱਦਮ ਹੈ। ਸ. ਢਿੱਲੋਂ ਨੇ ਵਿਸ਼ਿਆਂ ਬਾਰੇ ਜੋ ਜਾਣਕਾਰੀ ਪ੍ਰਦਾਨ ਕੀਤੀ ਹੈ, ਉਹ ਨਿਰੋਲ ਗੁਰਬਾਣੀ ਦੇ ਹਵਾਲਿਆਂ 'ਤੇ ਕੇਂਦਰਿਤ ਹੈ। ਇਹ ਦੱਸਿਆ ਗਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਛੇ ਗੁਰੂ ਸਾਹਿਬਾਨ, 15 ਭਗਤਾਂ ਅਤੇ ਤਿੰਨ ਗੁਰਸਿੱਖਾਂ ਅਤੇ ਗੁਰੂ ਘਰ ਦੇ ਕੀਰਤੀ ਕਰਨ ਵਾਲੇ ਗਿਆਰਾਂ ਭੱਟ ਸਾਹਿਬਾਨ ਦੀ ਰਚਨਾ ਨੂੰ ਸ਼ਾਮਿਲ ਕਰਕੇ ਬਾਣੀ ਦਾ ਦਰਜਾ ਦਿੱਤਾ ਗਿਆ। ਲੇਖਕ ਨੇ ਕਿਤੇ-ਕਿਤੇ ਉਰਦੂ ਸ਼ਾਇਰੀ ਦੇ ਹਵਾਲੇ ਵੀ ਦਿੱਤੇ ਹਨ ਅਤੇ ਅੰਗਰੇਜ਼ੀ ਦੇ ਲੇਖਕ ਜਿਵੇਂ ਜੌਹਨ ਮਿਲਟਨ ਆਦਿ ਦੇ ਕਥਨਾਂ ਦਾ ਜ਼ਿਕਰ ਵੀ ਕੀਤਾ ਹੈ। ਇੰਝ ਇਹ ਪੁਸਤਕ ਆਮ ਪਾਠਕਾਂ ਅਤੇ ਗੁਰਬਾਣੀ ਦੇ ਖੋਜਾਰਥੀਆਂ ਲਈ ਲਾਹੇਵੰਦ ਹੋ ਸਕਦੀ ਹੈ। ਲੇਖਕ ਦਾ ਮੰਨਣਾ ਕਿ ਗੁਰਬਾਣੀ ਦੇ ਇਨਕਲਾਬੀ ਉਪਦੇਸ਼ਾਂ 'ਤੇ ਚੱਲ ਕੇ ਕੋਈ ਵੀ ਪ੍ਰਾਣੀ, ਜੀਅੜੇ ਤੋਂ ਮਰਜੀਵੜਾ ਬਣ ਸਕਦਾ ਹੈ। ਇਨ੍ਹਾਂ ਲੇਖਾਂ ਦਾ ਸਾਰਾਂਸ ਹੈ ਕਿ ਗੁਰਬਾਣੀ ਰੂਹਾਨੀ, ਸੰਦੇਸ਼ ਦੇਣ ਅਤੇ ਅਧਿਆਤਮਿਕ ਮਾਰਗ ਦਰਸ਼ਨ ਕਰਨ ਦੇ ਨਾਲ-ਨਾਲ ਸਮਾਜਿਕ, ਆਰਥਿਕ, ਸੱਭਿਆਚਾਰਕ, ਬੌਧਿਕ ਅਤੇ ਜੀਵਨ ਦੇ ਹਰ ਪੱਖ ਬਾਰੇ ਗਿਆਨ ਦਾ ਭੰਡਾਰ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900
ਡੂ ਐਪਿਕ ਸ਼ਿਟ
ਲੇਖਕ : ਅੰਕਰ ਵਾਰਿਕੂ
ਅਨੁਵਾਦਕ : ਗੁਰਮਿੰਦਰਜੀਤ ਕੌਰ
ਪ੍ਰਕਾਸ਼ਕ : ਆਟਮ ਆਰਟ ਪਬਲਿਸ਼ਰ, ਪਟਿਆਲਾ
ਮੁੱਲ : 299 ਰੁਪਏ, ਸਫ਼ੇ : 287
ਸੰਪਰਕ : 91158-72450
'ਡੂ ਐਪਿਕ ਸ਼ਿਟ' ਨਾਂਅ ਦੀ ਪੁਸਤਕ ਆਮ ਪੁਸਤਕਾਂ ਤੋਂ ਵੱਖਰੀ ਕਿਸਮ ਦੀ ਹੈ, ਜਿਸ ਵਿਚ ਲੇਖਕ ਅੰਕੁਰ ਵਾਰਿਕੂ ਨੇ ਜ਼ਿੰਦਗੀ ਬਾਰੇ ਲਿਖਿਆ ਹੈ ਕਿ ਉਹ ਕਿਵੇਂ ਚਲਦੀ ਹੈ ਅਤੇ ਜੀਵਨ ਵਿਚ ਕੀ-ਕੀ ਅਕਸਰ ਗ਼ਲਤੀਆਂ ਕੀਤੀਆਂ ਜਾਂਦੀਆਂ ਹਨ। ਅਸਲ ਵਿਚ ਇਹ ਪੁਸਤਕ ਲੇਖਕ ਦੇ ਇਕੱਠੇ ਕੀਤੇ ਗਏ ਵਿਚਾਰਾਂ ਦਾ ਸੰਗ੍ਰਹਿ ਹੈ ਜੋ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਜ਼ਿਕਰ ਕੀਤੇ ਹਨ। ਲੇਖਕ ਦਾ ਸਮਝਾਉਣ ਦਾ ਵੱਖਰਾ ਹੀ ਤਰੀਕਾ ਹੈ, ਜਿਸ ਨੂੰ ਤਰਤੀਬਵਾਰ ਜ਼ਿਕਰ ਕਰਦੇ ਹੋਏ ਹਰ ਗੱਲ ਨੂੰ ਬਹੁਤ ਹੀ ਸੋਹਣੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਨੇ ਨਿੱਜੀ ਤਜਰਬੇ ਨੂੰ ਆਧਾਰ ਬਣਾ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ ਹੈ ਅਤੇ ਕੀਤੇ ਕੰਮਾਂ ਦੇ ਨੁਕਸਾਨ ਬਾਰੇ ਵੀ ਜ਼ਿਕਰ ਕੀਤਾ ਹੈ। ਕੁਝ ਵਿਚਾਰ ਇਕੋ ਹੀ ਪੰਨੇ 'ਤੇ ਮੋਟੇ ਅੱਖਰਾਂ ਵਿਚ ਲਿਖ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪੁਆਇੰਟ ਬਣਾ ਕੇ ਹਰ ਗੱਲ ਦਾ ਨਤੀਜਾ ਵੀ ਦੱਸਿਆ ਹੈ। ਇਸ ਪੁਸਤਕ ਦੇ 6 ਭਾਗ ਹਨ, ਜਿਵੇਂ ਕਿ ਸਫਲਤਾ (ਅਤੇ ਅਸਫ਼ਲਤਾ) ਆਦਤਾਂ, ਜਾਗਰੂਕਤਾ, ਉਦਮਤਾ, ਪੈਸਾ, ਰਿਸ਼ਤੇ, ਪੁਸਤਕ ਦੇ ਅਖੀਰ ਵਿਚ ਉਪਸੰਹਾਰ ਅਧਿਆਏ ਵਿਚ ਲੇਖਕ ਨੇ ਆਪਣੀਆਂ ਅਸਫ਼ਲਤਾਵਾਂ ਦਾ ਜ਼ਿਕਰ ਕੀਤਾ ਹੈ ਅਤੇ ਨਾਲ ਹੀ ਆਪਣੇ ਨਾਲ ਸੰਬੰਧਿਤ ਗੱਲਾਂ ਦਾ ਵੀ ਬਹੁਤ ਸੋਹਣੀ ਤਰ੍ਹਾਂ ਨਾਲ ਜ਼ਿਕਰ ਕੀਤਾ ਹੈ। ਸ਼ੁਕਰ ਗੁਜ਼ਾਰ-ਅਧਿਆਏ ਵਿਚ ਲੇਖਕ ਨੇ ਆਪਣੇ ਸਹਿਯੋਗੀ ਸੱਜਣਾਂ ਦਾ ਵੀ ਜ਼ਿਕਰ ਕੀਤਾ ਹੈ ਅਤੇ ਆਪਣੀ ਨਿਮਰਤਾ ਦਾ ਵੀ ਪੱਖ ਪੇਸ਼ ਕੀਤਾ ਹੈ। ਪੁਸਤਕ ਵਿਚ ਲੇਖਕ ਨੇ ਜੋ ਵਿਚਾਰ ਪੇਸ਼ ਕੀਤੇ ਹਨ ਉਨ੍ਹਾਂ ਨੂੰ ਤਰਤੀਬ ਆਪਣੇ ਹੀ ਢੰਗ ਨਾਲ ਦਿੱਤੀ ਹੈ, ਜਿਸ ਕਰਕੇ ਵੀ ਕਿਹਾ ਜਾ ਸਕਦਾ ਹੈ ਕਿ ਇਹ ਪੁਸਤਕ ਦੂਸਰੀਆਂ ਪੁਸਤਕਾਂ ਤੋਂ ਵੱਖਰੀ ਹੈ। ਲੇਖਕ ਨੇ ਪੁਸਤਕ ਦੇ ਪਿਛਲੇ ਸਫ਼ੇ 'ਤੇ ਜ਼ਿੰਦਗੀ ਵਿਚ ਵਾਪਰਨ ਵਾਲੇ ਤਿੰਨ ਰਿਸ਼ਤੇ ਜਿਵੇਂ ਪੈਸੇ, ਸਮੇਂ ਅਤੇ ਆਪਣੇ-ਆਪ ਨਾਲ ਰਿਸ਼ਤਿਆਂ ਦਾ ਜ਼ਿਕਰ ਕਰਕੇ ਬਹੁਤ ਕੁਝ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਸਮੁੱਚੇ ਤੌਰ 'ਤੇ ਇਹ ਪੁਸਤਕ ਜ਼ਿੰਦਗੀ ਜਿਊਣ ਦੇ ਮਾਰਗ 'ਤੇ ਚਾਨਣਾ ਪਾਉਂਦੀ ਹੈ। ਪੁਸਤਕ ਸਾਂਭਣਯੋਗ ਅਤੇ ਖ਼ਾਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਸ ਉਮਰ ਵਿਚ ਗ਼ਲਤੀ ਕਰਦੀ ਹੈ। ਉਸ ਤੋਂ ਬਚ ਸਕੇ ਤੇ ਪ੍ਰੇਸ਼ਾਨ ਨਾ ਹੋਵੇ।
-ਡਾ. ਬਲਵਿੰਦਰ ਸਿੰਘ ਸੋਢੀ (ਮੀਰਹੇੜੀ)
ਮੋਬਾਈਲ : 92105-88990
ਨਾਰੀ ਚੇਤਨਾ
ਮੁੱਖ ਸੰਪਾਦਕ : ਡਾ. ਅਮਨਦੀਪ ਕੌਰ
ਸੰਪਾਦਕ : ਡਾ. ਇੰਦਰਜੀਤ ਕੌਰ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 275 ਰੁਪਏ, ਸਫ਼ੇ : 215
ਸੰਪਰਕ : 01624-234967
ਹਥਲੀ ਪੁਸਤਕ ਨਾਰੀ ਜਾਤੀ ਦੇ ਸਮਾਜਕ, ਸੱਭਿਆਚਾਰਕ, ਰਾਜਸੀ, ਅਸਤਿੱਤਵ ਦਾ ਪ੍ਰਗਟਾਵਾ ਕਰਦੀ ਹੈ। ਭਾਵੇਂ ਇਸ ਨੂੰ ਧਰਤੀ ਤੋਂ ਬਾਅਦ ਜਗ-ਜਣਨੀ ਵੀ ਕਹਿ ਲਿਆ ਜਾਂਦਾ ਹੈ, ਜਿਸ ਵਿਚ ਕਿ ਸਚਾਈ ਲੁਕੀ ਹੋਈ ਹੈ ਪਰੰਤੂ ਜੀਵਨ ਵਰਤਾਰੇ ਵਿਚ ਇਸ ਨੂੰ ਉਸ ਦਰਜੇ ਤੱਕ ਨਹੀਂ ਸਮਝਿਆ ਗਿਆ ਹੈ। ਇਸੇ ਸੰਕਲਪ ਨੂੰ ਲੈ ਕੇ ਪੁਸਤਕ ਵਿਚ ਉੱਘੇ ਵਿਦਵਾਨਾਂ ਵਲੋਂ 25 ਪੰਜਾਬੀ ਅਤੇ 6 ਅੰਗਰੇਜ਼ੀ ਭਾਸ਼ਾ ਵਿਚ ਖੋਜ-ਪਰਚੇ ਲਿਖਵਾ ਕੇ ਦਰਜ ਕੀਤੇ ਗਏ ਹਨ। ਇਹ ਖੋਜ-ਪਰਚੇ ਬਹੁਤਾ ਕਵਿੱਤਰੀਆਂ ਦੀਆਂ ਰਚਨਾਵਾਂ ਬਾਬਤ ਹਨ, ਕੁਝ ਹੋਰ ਵਿਧਾਵਾਂ ਬਾਬਤ ਵੀ ਹਨ। ਖੋਜੀ ਵਿਦਵਾਨਾਂ ਨੇ ਬੜੀ ਗਹਿਣ-ਆਲੋਚਨਾ-ਦ੍ਰਿਸ਼ਟੀ ਦੇ ਅੰਤਰਗਤ ਆਪੋ-ਆਪਣੇ ਵਿਸ਼ੇ ਦਾ ਨਿਭਾਅ ਕੀਤਾ ਹੈ। ਕੁਝ ਕੁ ਖੋਜ ਨਿਬੰਧ ਅਜਿਹੇ ਹਨ ਜੋ ਆਲੋਚਨਾ, ਜੋ ਕਿ ਨਾਰੀ ਵਲੋਂ ਕੀਤੀ ਗਈ ਹੈ, ਜਾਂ ਸਮਕਾਲ ਵਿਚ ਹੋਰ ਸਾਹਿਤਕ ਸਿਰਜਣਾਵਾਂ ਕੀਤੀਆਂ ਹਨ, ਦਾ ਵੀ ਜ਼ਿਕਰ ਹੈ। ਪੁਸਤਕ ਦਾ ਹਾਸਿਲ ਹੈ ਕਿ ਸਾਂਝੇ ਪੰਜਾਬ ਦੀ ਪਹਿਲੀ ਬੇਬਾਕ ਹੋ ਕੇ ਕਵਿਤਾ ਵਿਚ ਨਵੇਂ ਪੈਂਤੜੇ ਪਾਉਣ ਵਾਲੀ ਕਵਿੱਤਰੀ ਪੀਰੋ-ਪ੍ਰੇਮਣ ਦਾ ਜ਼ਿਕਰ ਹੈ। ਦਲੀਪ ਕੌਰ ਟਿਵਾਣਾ, ਅਜੀਤ ਕੌਰ ਅਤੇ ਹੋਰ ਨਾਰੀ ਗਲਪ ਸਿਰਜਕਾਂ ਦੀਆਂ ਰਚਨਾਵਾਂ ਦਾ ਵੀ ਡੂੰਘਾ ਅਧਿਐਨ ਪੇਸ਼ ਕੀਤਾ ਹੈ। ਪੁਸਤਕ ਦਾ ਹੋਰ ਮਹੱਤਵਪੂਰਨ ਭਾਗ ਉਹ ਵੀ ਹੈ ਜਿਸ ਵਿਚ ਪਰਵਾਸੀ ਸਾਹਿਤ ਵਿਚੋਂ ਨਾਰੀ ਚਿੰਤਕ ਦਾ ਬੋਧ ਬੜੇ ਸਾਰਥਕ ਸ਼ਬਦਾਂ 'ਚ ਸਾਡੇ ਸਾਹਮਣੇ ਆਉਂਦਾ ਹੈ। ਇਸ ਜ਼ਿਕਰ ਅਤੇ ਫ਼ਿਕਰ ਵਿਚ ਕਹਾਣੀਆਂ ਵੀ ਹਨ, ਕਵਿਤਾਵਾਂ ਵੀ ਹਨ ਅਤੇ ਹੋਰ ਸਾਹਿਤ-ਵਿਧਾਵਾਂ ਵੀ ਸ਼ਾਮਿਲ ਹਨ। ਇਹ ਖੋਜ ਨਿਬੰਧ ਪੰਜਾਬੀ 'ਚ ਵੀ ਹਨ ਅਤੇ ਅੰਗਰੇਜ਼ੀ ਭਾਸ਼ਾ ਵਿਚ ਵੀ ਹਨ। ਪਾਕਿਸਤਾਨੀ ਲੇਖਿਕਾਵਾਂ ਦਾ ਜ਼ਿਕਰ ਵੀ ਹੈ। ਕੁਝ ਨਿਬੰਧਾਂ ਵਿਚ ਸਮੁੱਚਾ ਅਧਿਐਨ ਵੀ ਪੇਸ਼ ਕੀਤਾ ਗਿਆ ਹੈ ਜੋ ਭਾਵੇਂ ਬਹੁਤ ਸਾਰੀਆਂ ਨਾਰੀ ਲੇਖਿਕਾਵਾਂ ਦਾ ਹੈ ਜਾਂ ਇਕੱਲੀ ਇਕੱਲੀ ਲੇਖਿਕਾ ਵੀ ਹੈ, ਜਿਵੇਂ ਤਰਸਪਾਲ ਕੌਰ ਅਤੇ ਬਲਜੀਤ ਕੌਰ ਬੱਲੀ ਆਦਿ। ਇਸ ਤਰ੍ਹਾਂ ਇਹ ਪੁਸਤਕ ਸਮਕਾਲ ਵਿਚ ਰਚੇ ਗਏ ਨਾਰੀ ਦੁਆਰਾ ਸਾਹਿਤ ਵਿਚੋਂ ਨਾਰੀ ਦੀ ਸੁਖਦ-ਦੁਖ਼ਦ ਹਾਲਤ ਨੂੰ ਪੜਾਅ-ਦਰ ਪੜਾਅ ਵਿਅਕਤ ਵੀ ਕਰਦੀ ਹੈ ਅਤੇ ਇਸ 'ਚੋਂ ਉੱਭਰਦਾ ਕਰੂਰ ਯਥਾਰਥ ਅਤੇ ਆਲੋਚਨਾਤਮਕ ਯਥਾਰਥ ਵੀ ਪੇਸ਼ ਕਰਦੀ ਹੈ। ਪਾਕਿਸਤਾਨੀ ਸਾਹਿਤਕਾਰਾ ਬੁਸ਼ਰਾ ਏਜਾਜ਼ ਦਾ ਪੁਸਤਕ ਵਿਚ ਵਿਸ਼ੇਸ਼ ਜ਼ਿਕਰ ਹੈ। ਡਾ. ਵਨੀਤਾ ਅਤੇ ਬਲਜੀਤ ਬੱਲੀ ਅਤੇ ਕੁਲਬੀਰ ਬਡੇਸਰੋਂ ਦੀ ਸਾਹਿਤਕ ਘਾਲਣਾ ਸੰਬੰਧ ਪੇਸ਼ ਕੀਤੇ ਖੋਜ-ਪਰਦ ਵੀ ਪਾਠਕ ਦਾ ਧਿਆਨ ਖਿੱਚਦੇ ਹਨ। ਕਾਲਜ ਵਲੋਂ ਇਸ ਪੁਸਤਕ ਦੇ ਰੂਪ ਵਿਚ ਅਜਿਹਾ ਕਾਰਜ ਕਰਨਾ ਸਲਾਹੁਣਯੋਗ ਹੈ।
-ਜਗੀਰ ਸਿੰਘ ਨੂਰ (ਡਾ.)
ਮੋਬਾਈਲ : 98142-09732
ਹਿੰਮਤ ਦੇ ਸ਼ਾਹ ਅਸਵਾਰ
ਲੇਖਿਕਾ : ਡਾ. ਕੁਲਵਿੰਦਰ ਕੌਰ ਮਿਨਹਾਸ
ਪ੍ਰਕਾਸ਼ਕ : ਲਾਹੌਰ ਬੁੱਕ ਸ਼ੋਪ, ਲੁਧਿਆਣਾ
ਮੁੱਲ : 250 ਰੁਪਏ, ਸਫ਼ੇ : 144
ਸੰਪਰਕ : 99141-45-47
ਸਿੱਖ ਇਤਿਹਾਸ, ਸੁਚੱਜੀ ਵਾਰਤਕ ਅਤੇ ਨਾਵਲ ਲਿਖਣ ਵਾਲੀ ਸੁਹਿਰਦ ਲੇਖਿਕਾ ਨੇ ਆਪਣੀਆਂ ਹਾਂ-ਪੱਖੀ ਰਚਨਾਵਾਂ ਕਰਕੇ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਵਿਚ ਚੰਗੀ ਥਾਂ ਬਣਾਈ ਹੋਈ ਹੈ। ਉਹ ਆਪਣੀਆਂ ਰਚਨਾਵਾਂ ਵਿਚ ਮਾਨਵੀ ਅਤੇ ਸਮਾਜਿਕ ਰਿਸ਼ਤਿਆਂ ਦੀ ਬਾਤ ਪਾਉਂਦੀ ਹੈ ਅਤੇ ਉਨ੍ਹਾਂ ਰਿਸ਼ਤਿਆਂ ਪ੍ਰਤੀ ਆਦਰਸ਼ਵਾਦੀ ਅਤੇ ਨੈਤਿਕ ਦ੍ਰਿਸ਼ਟੀਕੋਣ ਧਾਰਨ ਕਰਦੀ ਹੈ।
'ਹਿੰਮਤ ਦੇ ਸ਼ਾਹ ਅਸਵਾਰ' ਉਸ ਦਾ ਹਾਲ ਹੀ ਵਿਚ ਪ੍ਰਕਾਸ਼ਿਤ ਹੋਇਆ ਨਵਾਂ ਨਾਵਲ ਹੈ। ਉੱਪਰਲੀ ਨਜ਼ਰੇ ਦੇਖਿਆਂ ਇਹ ਨਾਵਲ ਹਿੰਮਤ ਸਿੰਘ ਨਾਂਅ ਦੇ ਸਰਕਾਰੀ ਅਫ਼ਸਰ ਤੇ ਉਸ ਦੇ ਟੱਬਰ ਦਾ ਬਿਰਤਾਂਤ ਪੇਸ਼ ਕਰਦਾ ਹੈ। ਉਸ ਦੇ ਪਿਤਾ ਦੀ ਛੋਟੀ ਉਮਰੇ ਮੌਤ ਹੋ ਜਾਣ ਕਾਰਨ ਉਨ੍ਹਾਂ ਦੀ ਮਾਂ ਬਹਾਦਰ ਕੌਰ ਵੱਡੇ ਜਿਗਰੇ ਅਤੇ ਹਿੰਮਤ ਨਾਲ ਆਪਣੇ ਬੇਟੇ ਅਤੇ ਬੇਟੀ ਦਾ ਪਾਲਣ-ਪੋਸ਼ਣ ਕਰਦੀ ਹੈ ਤੇ ਉਨ੍ਹਾਂ ਨੂੰ ਚੰਗੇ ਸੰਸਕਾਰ ਦੇਣ ਦੀ ਕੋਸ਼ਿਸ਼ ਕਰਦੀ ਹੈ।
ਅਗਾਂਹ ਹਿੰਮਤ ਸਿੰਘ ਦੇ ਤਿੰਨ ਬੇਟੀਆਂ ਅਤੇ ਇਕ ਪੁੱਤਰ ਜਨਮ ਲੈਂਦੇ ਹਨ। ਉਹ ਆਪਣੇ ਬੱਚਿਆਂ ਨੂੰ ਬੜੇ ਪਿਆਰ ਦੁਲਾਰ ਨਾਲ ਪਾਲਦਾ ਹੈ। ਉਨ੍ਹਾਂ ਨੂੰ ਚੰਗੀਆਂ ਆਦਤਾਂ ਸਿਖਾਉਂਦਾ ਹੈ। ਦੋ ਧੀਆਂ ਦੀ ਅਤੇ ਇਕੋ-ਇਕ ਪੁੱਤਰ ਦੀ ਸ਼ਾਦੀ ਕਰ ਦਿੰਦਾ ਹੈ ਪਰ ਇਕ ਧੀ ਪ੍ਰਭਜੋਤ ਵਿਆਹ ਲਈ ਰਾਜ਼ੀ ਨਹੀਂ ਹੁੰਦੀ। ਉਹ ਆਪਣੇ ਭਰਾ-ਭਰਜਾਈ ਨਾਲ ਰਹਿਣ ਲਗਦੀ ਹੈ, ਕਿਸੇ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਣ ਲੱਗ ਜਾਂਦੀ ਹੈ।
ਪਰ ਭੈੜੀ ਕਿਸਮਤ ਨੂੰ ਉਸ ਦੀ ਭਰਜਾਈ ਨਿਕੰਮੀ ਅਤੇ ਬਦਲਾਖੋਰ ਸਿੱਧ ਹੁੰਦੀ ਹੈ। ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਉਹ ਪ੍ਰਭਜੋਤ ਕੌਰ ਨੂੰ ਵਾਰ-ਵਾਰ ਬੇਇੱਜ਼ਤ ਕਰਦੀ ਹੈ। ਉਸ ਨਾਲ ਭੈੜਾ ਵਰਤਾਉ ਕਰਦੀ ਹੈ। ਉਸ ਨੂੰ ਖਾਣ-ਪੀਣ ਲਈ ਨਹੀਂ ਦਿੰਦੀ। ਆਪਣੇ ਪਤੀ ਨੂੰ ਵੀ ਕੰਨ ਭਰ-ਭਰ ਪ੍ਰਭਜੋਤ ਦੇ ਖਿਲਾਫ਼ ਕਰ ਦਿੰਦੀ ਹੈ।
ਪਰ ਪ੍ਰਭਜੋਤ ਉਸ ਦੇ ਏਨੇ ਜ਼ੁਲਮ ਦੇ ਬਾਵਜੂਦ ਵਾਹਿਗੁਰੂ 'ਤੇ ਭਰੋਸਾ ਰੱਖਦੀ ਹੈ ਤੇ ਉਸੇ ਦੀ ਰਜ਼ਾ 'ਚ ਰਾਜ਼ੀ ਰਹਿਣ ਦੀ ਕੋਸ਼ਿਸ਼ ਕਰਦੀ ਹੈ। ਉਸ ਦਾ ਸੰਕਲਪ ਹੈ ਕਿ ਵਾਹਿਗੁਰੂ 'ਤੇ ਭਰੋਸਾ ਰੱਖੋ, ਹਿੰਮਤ ਰੱਖੋ, ਕਦੇ ਨਿਰਾਸ਼ ਨਾ ਹੋਵੋ। ਉਹ ਸਮਾਜ ਸੇਵਾ ਨੂੰ ਹੀ ਆਪਣਾ ਟੀਚਾ ਬਣਾ ਲੈਂਦੀ ਹੈ। ਉਸ ਦੀ ਭਰਜਾਈ ਤਾਂ ਆਪਣੀ ਸੱਸ ਨੂੰ ਵੀ ਨਹੀਂ ਬਖਸ਼ਦੀ। ਉਹ ਸਾਂਝੇ ਘਰ ਅਤੇ ਹਿੰਮਤ ਸਿੰਘ ਦੇ ਛੱਡ ਕੇ ਗਏ ਬੈਂਕ ਬੈਲੇਂਸ 'ਤੇ ਵੀ ਕਬਜ਼ਾ ਕਰਨਾ ਲੋਚਦੇ ਹਨ।
ਸਮਾਜੀ ਰਿਸ਼ਤਿਆਂ ਦੇ ਨਿਭਾਅ ਦੇ ਕੁਝ ਅਸੂਲ ਹੁੰਦੇ ਹਨ ਜੋ ਸਮਾਜ ਵਲੋਂ ਪ੍ਰਵਾਨਿਤ ਤੇ ਰਾਖਵੇਂ ਹੁੰਦੇ ਹਨ। ਜਿਹੜਾ ਇਨ੍ਹਾਂ ਰਿਸ਼ਤਿਆਂ ਦਾ ਨਿਭਾਅ ਸੁਚੱਜੇ ਢੰਗ ਨਾਲ ਕਰਦਾ ਹੈ, ਉਹ ਸਮਾਜ ਦਾ ਨਾਇਕ ਹੁੰਦਾ ਹੈ ਤੇ ਜਿਹੜਾ ਇਨ੍ਹਾਂ ਰਿਸ਼ਤਿਆਂ ਨੂੰ ਪ੍ਰਵਾਨਿਤ ਰੂਪ ਵਿਚ ਨਹੀਂ ਨਿਭਾਉਂਦਾ ਉਹ ਸਮਾਜ ਦਾ ਖਲਨਾਇਕ ਅਖਵਾਉਂਦਾ ਹੈ। ਇਨ੍ਹਾਂ ਅਰਥਾਂ ਵਿਚ ਪ੍ਰਭਜੋਤ ਦੀ ਭਰਜਾਈ ਖਲਨਾਇਕ ਵਜੋਂ ਪੇਸ਼ ਹੁੰਦੀ ਹੈ।
ਪ੍ਰਭਜੋਤ ਜਿਹੀ ਕੁੜੀ ਇਨ੍ਹਾਂ ਸਮਾਜੀ ਰਿਸ਼ਤਿਆਂ ਦਾ ਵਧੀਆ ਨਿਭਾਅ ਕਰਦੀ ਹੈ ਤੇ ਵਾਹਿਗੁਰੂ ਵਿਚ ਪੂਰੀ ਸ਼ਰਧਾ ਅਤੇ ਆਸਥਾ ਰੱਖਦੀ ਹੋਈ ਆਦਰਸ਼ ਜੀਵਨ ਬਤੀਤ ਕਰਨ ਦਾ ਯਤਨ ਕਰਦੀ ਹੈ।
ਨਾਵਲਕਾਰਾ ਨੇ ਆਪਣੀ ਇਸ ਕਿਰਤ ਵਿਚ ਆਦਰਸ਼ ਜੀਵਨ ਅਪਣਾਉਣ 'ਤੇ ਜ਼ੋਰ ਦਿੱਤਾ ਹੈ, ਜਿਸ ਕਾਰਨ ਉਸ ਵਿਚ ਹਿੰਮਤ, ਨਿਸ਼ਠਾ, ਪ੍ਰੇਮ ਦੀ ਭਾਵਨਾ ਬਣੀ ਰਹਿੰਦੀ ਹੈ।
-ਕੇ. ਐੱਲ. ਗਰਗ
ਮੋਬਾਈਲ : 94636-37050