ਬਟਾਲਾ ਦੇ ਇਕ ਠੇਕੇ ਨੇੜੇ ਮਿਲਿਆ ਅਣ-ਚੱਲਿਆ ਗ੍ਰਨੇਡ


ਬਟਾਲਾ, 17 ਮਈ (ਹਰਦੇਵ ਸਿੰਘ ਸੰਧੂ)- ਬਟਾਲਾ ਦੇ ਫੋਕਲ ਪੁਆਇੰਟ ਸਥਿਤ ਰਿੰਪਲ ਗਰੁੱਪ ਦੇ ਠੇਕੇ ਦੀ ਇਕ ਨਵੀਂ ਬਰਾਂਚ ਦੇ ਗੇਟ ਦੇ ਅੱਗੇ ਅਣ- ਚੱਲਿਆ ਗ੍ਰਨੇਡ ਮਿਲਿਆ ਹੈ। ਹਾਲਾਂਕਿ ਠੇਕੇ ’ਤੇ ਗ੍ਰਨੇਡ ਸੁੱਟਣ ਦੀ ਜ਼ਿੰਮੇਵਾਰੀ ਇਕ ਪੋਸਟ ਰਾਹੀਂ ਮਨੂੰ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵਲੋਂ ਲਈ ਗਈ ਹੈ। ਇਸ ਦੀ ਸੂਚਨਾ ਅੱਜ ਸਵੇਰ ਨੂੰ ਕਰੀਬ 6 ਵਜੇ ਮਿਲੀ, ਜਦ ਮਨੂੰ ਅਗਵਾਣ ਅਤੇ ਗੋਪੀ ਨਵਾਂ ਸ਼ਹਿਰੀਆਂ ਵਲੋਂ ਪਾਈ ਪੋਸਟ ਵਾਇਰਲ ਹੋਈ ਅਤੇ ਉਸ ਤੋਂ ਬਾਅਦ ਖੁਫ਼ੀਆ ਏਜੰਸੀਆਂ ਅਤੇ ਪੁਲਿਸ ਚੌਕਸ ਹੋ ਗਈ ਤੇ ਆਸ-ਪਾਸ ਦੇ ਠੇਕਿਆਂ ’ਤੇ ਗ੍ਰਨੇਡ ਹਮਲੇ ਦੀ ਸੱਚਾਈ ਨੂੰ ਜਾਨਣ ਲਈ ਚੌਕੰਨੀ ਹੋ ਗਈਆਂ। ਗ੍ਰਨੇਡ ਦੀ ਸੂਚਨਾ ਮਿਲਦਿਆਂ ਹੀ ਬਟਾਲਾ ਪੁਲਿਸ ਦੇ ਉੱਚ ਅਧਿਕਾਰੀਆਂ ਤੇ ਹੋਰ ਟੀਮਾਂ ਮੌਕੇ ’ਤੇ ਪੁੱਜ ਗਈਆਂ ਹਨ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਫੋਕਲ ਪੁਆਇੰਟ ਸਥਿਤ ਵੱਡੀਆਂ ਫੈਕਟਰੀਆਂ ਅਤੇ ਹੋਰ ਕਾਰੋਬਾਰੀ ਅਦਾਰੇ ਹੋਣ ਕਾਰਨ ਮਜ਼ਦੂਰ ਅਤੇ ਹੋਰ ਲੋਕ ਵੱਡੀ ਗਿਣਤੀ ’ਚ ਕੰਮ ਕਰਦੇ ਹਨ। ਗ੍ਰਨੇਡ ਦੀ ਸੂਚਨਾ ਮਿਲਦੇ ਹੀ ਲੋਕਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ।