ਜਵਾਨਾਂ ’ਚ ਪੁੱਜੇ ਰੱਖਿਆ ਮੰਤਰੀ ਰਾਜਨਾਥ ਸਿੰਘ


ਸ੍ਰੀਨਗਰ, 15 ਮਈ- ਰੱਖਿਆ ਮੰਤਰੀ ਰਾਜਨਾਥ ਸਿੰਘ ਆਪ੍ਰੇਸ਼ਨ ਸੰਧੂਰ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਪਹੁੰਚੇ। ਉਨ੍ਹਾਂ ਨੇ ਸ੍ਰੀਨਗਰ ਦੇ ਬਦਾਮੀਬਾਗ ਛਾਉਣੀ ਦਾ ਦੌਰਾ ਕੀਤਾ। ਇਥੇ ਉਨ੍ਹਾਂ ਨੇ ਪਾਕਿਸਤਾਨ ਵਲੋਂ ਦਾਗੇ ਗਏ ਮੋਰਟਾਰ ਅਤੇ ਗੋਲੇ ਦੇ ਟੁਕੜੇ ਦੇਖੇ ਤੇ ਫੌਜੀ ਅਧਿਕਾਰੀਆਂ ਅਤੇ ਸੈਨਿਕਾਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਬਾਅਦ ਉਹ ਚਿਨਾਰ ਕੋਰ ਦੇ ਹੈੱਡਕੁਆਰਟਰ ਪਹੁੰਚ ਗਏ ਹਨ, ਜੋ ਘਾਟੀ ਵਿਚ ਫੌਜ ਦੀ ਕਮਾਂਡ ਕਰਦਾ ਹੈ। ਫੌਜ ਦੇ ਕਮਾਂਡਰ ਨੇ ਉਨ੍ਹਾਂ ਨੂੰ ਮੌਜੂਦਾ ਸੁਰੱਖਿਆ ਸਥਿਤੀ ਬਾਰੇ ਜਾਣਕਾਰੀ ਦਿੱਤੀ। ਪਹਿਲਗਾਮ ਅੱਤਵਾਦੀ ਹਮਲੇ ਅਤੇ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਇਹ ਰਾਜਨਾਥ ਸਿੰਘ ਦਾ ਜੰਮੂ-ਕਸ਼ਮੀਰ ਦਾ ਪਹਿਲਾ ਦੌਰਾ ਹੈ। ਇਸ ਦੌਰਾਨ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ, ਮੈਂ ਅੱਤਵਾਦ ਅਤੇ ਅੱਤਵਾਦੀਆਂ ਨਾਲ ਲੜਦੇ ਹੋਏ ਬਹਾਦਰ ਜਵਾਨਾਂ ਦੀ ਸਰਵਉੱਚ ਕੁਰਬਾਨੀ ਨੂੰ ਨਮਨ ਕਰਨਾ ਚਾਹੁੰਦਾ ਹਾਂ। ਮੈਂ ਉਨ੍ਹਾਂ ਦੀ ਯਾਦ ਨੂੰ ਸ਼ਰਧਾਂਜਲੀ ਦਿੰਦਾ ਹਾਂ। ਮੈਂ ਪਹਿਲਗਾਮ ਵਿਚ ਮਾਰੇ ਗਏ ਮਾਸੂਮ ਨਾਗਰਿਕਾਂ ਨੂੰ ਵੀ ਸ਼ਰਧਾਂਜਲੀ ਦਿੰਦਾ ਹਾਂ। ਮੈਂ ਜ਼ਖਮੀ ਸੈਨਿਕਾਂ ਦੀ ਬਹਾਦਰੀ ਨੂੰ ਵੀ ਸਲਾਮ ਕਰਦਾ ਹਾਂ ਅਤੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦਾ ਹਾਂ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਜਾਣ। ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਇਨ੍ਹਾਂ ਪ੍ਰਤੀਕੂਲ ਹਾਲਾਤ ਦੌਰਾਨ ਤੁਹਾਡੇ ਵਿਚਕਾਰ ਆ ਕੇ ਮਾਣ ਮਹਿਸੂਸ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਗ ਅਗਵਾਈ ਅਤੇ ਮਾਰਗਦਰਸ਼ਨ ਵਿਚ ਆਪ੍ਰੇਸ਼ਨ ਸੰਧੂਰ ਦੌਰਾਨ ਤੁਸੀਂ ਸਾਰਿਆਂ ਨੇ ਜੋ ਕੁਝ ਕੀਤਾ, ਉਸ ’ਤੇ ਪੂਰਾ ਦੇਸ਼ ਮਾਣ ਕਰਦਾ ਹੈ। ਤੁਹਾਡਾ ਰੱਖਿਆ ਮੰਤਰੀ ਬਣਨ ਤੋਂ ਪਹਿਲਾਂ, ਮੈਂ ਇਕ ਭਾਰਤੀ ਨਾਗਰਿਕ ਹਾਂ। ਰੱਖਿਆ ਮੰਤਰੀ ਹੋਣ ਦੇ ਨਾਲ-ਨਾਲ, ਮੈਂ ਇਕ ਭਾਰਤੀ ਨਾਗਰਿਕ ਵਜੋਂ ਤੁਹਾਡਾ ਧੰਨਵਾਦ ਕਰਨ ਲਈ ਇੱਥੇ ਆਇਆ ਹਾਂ।