ਮਜੀਠਾ ਨਕਲੀ ਸ਼ਰਾਬ ਮਾਮਲਾ : ਸਰਗਣਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, ਡੀ.ਐਸ.ਪੀ. ਤੇ ਐਸ.ਐਚ.ਓ. ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲ
ਅੰਮ੍ਰਿਤਸਰ, 13 ਮਈ-ਅੰਮ੍ਰਿਤਸਰ ਦੇ ਮਜੀਠਾ ਵਿਚ ਨਕਲੀ ਸ਼ਰਾਬ ਕਾਰਨ ਹੋਏ ਜਾਨੀ ਨੁਕਸਾਨ ਉਪਰੰਤ ਤੇਜ਼ੀ ਨਾਲ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਗੈਰ-ਕਾਨੂੰਨੀ ਸ਼ਰਾਬ ਦੇ ਵਪਾਰ ਦੇ ਸਰਗਣਾ ਸਮੇਤ ਕਈ ਸਥਾਨਕ ਅਤੇ ਉਦਯੋਗਿਕ ਉਤਪਾਦਾਂ ਵਿਚ ਵਰਤੇ ਜਾਣ ਵਾਲੇ ਘਾਤਕ ਰਸਾਇਣ ਮੀਥੇਨੌਲ ਦੇ ਮੁੱਖ ਸਪਲਾਇਰ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਨੇ ਦਿੱਤੀ। ਇਸ ਰੈਕੇਟ ਦੇ ਗ੍ਰਿਫ਼ਤਾਰ ਸਰਗਣਾ ਦੀ ਪਛਾਣ ਸਾਹਿਬ ਸਿੰਘ ਵਜੋਂ ਹੋਈ ਹੈ, ਜਦੋਂਕਿ ਮੀਥੇਨੌਲ ਦੇ ਮੁੱਖ ਸਪਲਾਇਰਾਂ ਦੀ ਪਛਾਣ ਲੁਧਿਆਣਾ ਦੇ ਸੁੱਖ ਐਨਕਲੇਵ ਵਿਖੇ ਸਾਹਿਲ ਕੈਮੀਕਲਜ਼ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਅਤੇ ਅਰਵਿੰਦ ਕੁਮਾਰ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਸਥਾਨਕ ਵਿਤਰਕਾਂ- ਜਿਨ੍ਹਾਂ ਦੀ ਪਛਾਣ ਪ੍ਰਭਜੀਤ ਸਿੰਘ ਅਤੇ ਕੁਲਬੀਰ ਸਿੰਘ ਵਜੋਂ ਹੋਈ ਹੈ ਅਤੇ ਸਥਾਨਕ ਵਿਕਰੇਤਾਵਾਂ ਜਿਨ੍ਹਾਂ ਦੀ ਪਛਾਣ ਨਿੰਦਰ ਕੌਰ, ਸਾਹਿਬ ਸਿੰਘ, ਗੁਰਜੰਟ ਸਿੰਘ, ਅਰੁਣ ਉਰਫ਼ ਕਾਲਾ ਅਤੇ ਸਿਕੰਦਰ ਸਿੰਘ ਉਰਫ਼ ਪੱਪੂ ਵਜੋਂ ਹੋਈ ਹੈ, ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਰਗਣਾ ਸਾਹਿਬ ਸਿੰਘ ਵਲੋਂ ਆਨਲਾਈਨ ਖਰੀਦੇ ਗਏ ਮੀਥੇਨੌਲ ਕੈਮੀਕਲ ਦੀ ਵਰਤੋਂ ਨਕਲੀ ਸ਼ਰਾਬ ਬਣਾਉਣ ਲਈ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦਾ ਮੁਕੰਮਲ ਤੌਰ ‘ਤੇ ਪਰਦਾਫਾਸ਼ ਕਰਨ ਅਤੇ ਇਸ ਵਿਚ ਸ਼ਾਮਿਲ ਲੋਕਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਲਈ ਜਾਂਚ ਜਾਰੀ ਹੈ। ਡੀ.ਜੀ.ਪੀ. ਨੇ ਦੱਸਿਆ ਕਿ ਡੀ.ਐਸ.ਪੀ. ਸਬ-ਡਵੀਜ਼ਨ ਮਜੀਠਾ ਅਮੋਲਕ ਸਿੰਘ ਅਤੇ ਐਸ.ਐਚ.ਓ. ਥਾਣਾ ਮਜੀਠਾ ਐਸ.ਆਈ. ਅਵਤਾਰ ਸਿੰਘ ਨੂੰ ਆਪਣੀਆਂ ਡਿਊਟੀਆਂ ਵਿਚ ਕੁਤਾਹੀ ਵਰਤਣ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਦੋਸ਼ੀਆਂ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।