ਕਿਸਾਨੀ ਦੇ ਮਸਲੇ ਹੱਲ ਕਰਨ ਦੀ ਬਜਾਏ ਕਿਸਾਨਾਂ ਨੂੰ ਹੀ 'ਮਜ਼ਾਕ' ਕਰਨ ਲੱਗੇ ਭਗਵੰਤ ਮਾਨ- ਪ੍ਰਤਾਪ ਸਿੰਘ ਬਾਜਵਾ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ) 12 ਮਈ, (ਸਰਬਜੀਤ ਸਿੰਘ ਧਾਲੀਵਾਲ) - ਸੀਨੀਅਰ ਕਾਂਗਰਸੀ ਆਗੂ ਰਾਜਿੰਦਰ ਸਿੰਘ ਰਾਜਾ ਬੀਰ ਕਲਾਂ ਦੀ ਰਿਹਾਇਸ਼ ਸੁਨਾਮ ਵਿਖੇ ਸੂਬੇ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵਲੋਂ ਕਾਂਗਰਸੀ ਆਗੂਆਂ ਨਾਲ ਅਹਿਮ ਮੁੱਦਿਆ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾ ਦੇ ਮਸਲੇ ਤਾਂ ਕੀ ਹੱਲ ਕਰਨੇ ਸਨ,ਸਗੋਂ ਕਿਸਾਨਾਂ ਨੂੰ ਚਿੜਾਉਣ ਲਈ ਨੀਵੇਂ ਪੱਧਰ 'ਤੇ ਆ ਕੇ ਮਜ਼ਾਕ ਕਰਨੇ ਸੁਰੂ ਕਰ ਦਿੱਤੇ ਹਨ। ਪਹਿਲਾਂ ਤਾਂ ਕਿਸਾਨਾਂ ਦੇ ਧਰਨੇ ਪੁਲਿਸ ਦੇ ਜ਼ੋਰ 'ਤੇ ਚੁਕਵਾ ਦਿੱਤੇ ਗਏ ਅਤੇ ਹੁਣ ਕਿਸਾਨਾਂ ਨੂੰ ਧਰਨੇ ਲਾਉਣ ਲਈ ਕਹਿ ਰਿਹਾ ਹੈ। ਬਾਜਵਾ ਨੇ ਕਿਹਾ ਕਿ ਸਾਰਾ ਪੰਜਾਬ ਕਿਸਾਨੀ ਨਾਲ ਖੜ੍ਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਆਮ ਆਦਮੀ ਪਾਰਟੀ ਦਾ ਖ਼ਾਤਮਾ ਹੋਣਾ ਯਕੀਨੀ ਹੈ। ਉਨ੍ਹਾ ਕਿਹਾ ਕਿ ਅਖੋਤੀ ਇਨਕਲਾਬੀ ਪਾਰਟੀ ਦੇ ਗੜ੍ਹ ਸੰਗਰੂਰ, ਬਰਨਾਲਾ, ਸੁਨਾਮ ਵਿਚ ਲੋਕਾਂ ਦਾ ਆਪ ਪਾਰਟੀ ਤੋਂ ਮੋਹ ਬੁਰੀ ਤਰ੍ਹਾ ਭੰਗ ਹੋ ਗਿਆ ਹੈ ਅਤੇ ਇਸ ਵਾਰ ਕਾਂਗਰਸ ਪਾਰਟੀ ਨੂੰ ਸਤਾ ਵਿਚ ਲਿਆਉਣ ਲਈ ਉਤਾਵਲੇ ਹਨ। ਬਾਜਵਾ ਨੇ ਕਿਹਾ ਕਿ ਸਰਕਾਰ ਪਾਣੀਆ ਦੇ ਮੁੱਦੇ 'ਤੇ ਸਿਰਫ ਤੇ ਸਿਰਫ਼ ਡਰਾਮਾ ਕਰਕੇ ਆਮ ਜਨਤਾ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ ਕੀਤੀ ਜਾ ਰਹੀ ਹੈ, ਜਦੋਂ ਕਿ ਤਿੰਨ ਸਾਲਾ ਤੋਂ ਇਸ ਸਰਕਾਰ ਪੰਜਾਬ ਦੇ ਪਾਣੀ ਨੂੰ ਰੋਕਣ ਲਈ ਕੁਝ ਵੀ ਨਹੀਂ ਕੀਤਾ।