ਹਰ ਭਾਰਤੀ ਸਖ਼ਤ ਮਿਹਨਤ ਕਰੇਗਾ ਤਾਂ ਹੀ ਵਿਕਸਿਤ ਭਾਰਤ ਦਾ ਟੀਚਾ ਪ੍ਰਾਪਤ ਹੋਵੇਗਾ - ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ

ਕਰਨਾਲ, 22 ਅਪ੍ਰੈਲ (ਗੁਰਮੀਤ ਸਿੰਘ ਸੱਗੂ)-ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਮੰਗਲਵਾਰ ਨੂੰ ਕਰਨਾਲ ਵਿਖੇ ਰਾਸ਼ਟਰੀ ਡੇਅਰੀ ਖੋਜ ਸੰਸਥਾਨ (ਐਨ.ਡੀ.ਆਰ.ਆਈ.) ਦੇ 21ਵੇਂ ਕਨਵੋਕੇਸ਼ਨ ਵਿਚ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਵਿਕਾਸ ਲਈ ਪੂਰੀ ਵਾਹ ਲਗਾ ਰਹੇ ਹਨ ਪਰ ਭਾਰਤ ਦੇ ਹਰ ਨਾਗਰਿਕ ਨੂੰ ਆਪਣੀ ਭੂਮਿਕਾ ਨਿਭਾਉਣੀ ਪਵੇਗੀ ਅਤੇ ਇਕਜੁੱਟ ਹੋ ਕੇ ਸਖ਼ਤ ਮਿਹਨਤ ਕਰਨੀ ਪਵੇਗੀ ਤਾਂ ਹੀ ਅਸੀਂ ਭਾਰਤ ਨੂੰ ਵਿਕਸਿਤ ਬਣਾਉਣ ਦਾ ਟੀਚਾ ਪ੍ਰਾਪਤ ਕਰ ਸਕਦੇ ਹਾਂ। ਉਨ੍ਹਾਂ ਡਿਗਰੀ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਇਹ ਪ੍ਰਣ ਲੈਣ ਦਾ ਸੱਦਾ ਦਿੱਤਾ ਕਿ ਉਹ ਇਸ ਡਿਗਰੀ ਦੀ ਵਰਤੋਂ ਨਾ ਸਿਰਫ਼ ਰੋਜ਼ੀ-ਰੋਟੀ ਕਮਾਉਣ ਲਈ ਕਰਨਗੇ ਸਗੋਂ ਭਾਰਤ ਦੇ ਵਿਕਾਸ ਲਈ ਵੀ ਕਰਨਗੇ। ਇਸ ਮੌਕੇ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁੱਲ 201 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਇਸ ਵਿਚ 32 ਬੀ.ਟੈੱਕ (ਡੇਅਰੀ ਤਕਨਾਲੋਜੀ) ਵਿਦਿਆਰਥੀ (27 ਮੁੰਡੇ ਅਤੇ 5 ਕੁੜੀਆਂ), 98 ਮਾਸਟਰ ਡਿਗਰੀ ਵਿਦਿਆਰਥੀ (50 ਮੁੰਡੇ ਅਤੇ 48 ਕੁੜੀਆਂ) ਅਤੇ 71 ਪੀ.ਐੱਚ.ਡੀ. ਵਿਦਿਆਰਥੀ (36 ਮੁੰਡੇ ਅਤੇ 35 ਕੁੜੀਆਂ) ਸ਼ਾਮਿਲ ਸਨ। ਇਸ ਦੌਰਾਨ ਉਨ੍ਹਾਂ ਨੇ ਐਨ.ਡੀ.ਆਰ.ਆਈ. ਦੀ ਨਵੀਂ ਵੈੱਬਸਾਈਟ ਵੀ ਲਾਂਚ ਕੀਤੀ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਐਨ.ਡੀ.ਆਰ.ਆਈ. ਦੁਆਰਾ ਬੱਕਰੀ ਦੇ ਦੁੱਧ ਤੋਂ ਤਿਆਰ ਮਸਾਲਾ ਲੱਸੀ ਅਤੇ ਪਨੀਰ ਦਾ ਉਦਘਾਟਨ ਵੀ ਕੀਤਾ ਜੋ ਕਿ ਐਨ.ਡੀ.ਆਰ.ਆਈ. ਦੇ ਮਿਲਕ ਪਾਰਲਰ ਵਿਚ ਉਪਲਬਧ ਹੋਵੇਗਾ। ਕੇਂਦਰੀ ਖੇਤੀਬਾੜੀ, ਕਿਸਾਨ ਭਲਾਈ ਅਤੇ ਪੇਂਡੂ ਵਿਕਾਸ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਡਿਗਰੀਆਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕਨਵੋਕੇਸ਼ਨ ਇਕ ਨਵੇਂ ਜੀਵਨ ਦੀ ਸ਼ੁਰੂਆਤ ਹੈ, ਇਹ ਦਿਨ ਇਹ ਸੰਕਲਪ ਲੈਣ ਦਾ ਦਿਨ ਹੈ ਕਿ ਸਾਨੂੰ ਸਿਰਫ਼ ਆਪਣੇ ਲਈ ਹੀ ਨਹੀਂ ਸਗੋਂ ਸਮਾਜ ਲਈ ਵੀ ਸੋਚਣਾ ਪਵੇਗਾ। ਇਸ ਸਿੱਖਿਆ ਦਾ ਉਦੇਸ਼ ਗਿਆਨ ਅਤੇ ਹੁਨਰ ਪ੍ਰਾਪਤ ਕਰਨਾ ਹੈ ਅਤੇ ਨਾਲ ਹੀ ਨਾਗਰਿਕਤਾ ਦੀਆਂ ਕਦਰਾਂ-ਕੀਮਤਾਂ ਨੂੰ ਉਭਾਰਨਾ ਹੈ। ਅਜਿਹੀ ਸਥਿਤੀ ਵਿਚ ਮਨੁੱਖ ਨੂੰ ਆਪਣੇ ਨਾਲ-ਨਾਲ ਸਮਾਜ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਅਤੇ ਇਸ ਡਿਗਰੀ ਦੀ ਵਰਤੋਂ ਰੋਜ਼ੀ-ਰੋਟੀ ਕਮਾਉਣ ਦੇ ਨਾਲ-ਨਾਲ ਸਮਾਜ ਦੇ ਭਲੇ ਲਈ ਵੀ ਕਰਨੀ ਪੈਂਦੀ ਹੈ।