ਵਿਧਾਇਕ ਸੁਖਪਾਲ ਖਹਿਰਾ ਵਲੋਂ ਪੰਜਾਬ 'ਚ ਕਣਕ ਦੇ ਨੁਕਸਾਨ ਲਈ 50,000 ਰੁ. ਪ੍ਰਤੀ ਏਕੜ ਮੁਆਵਜ਼ੇ ਦੀ ਮੰਗ

ਚੰਡੀਗੜ੍ਹ, 22 ਅਪ੍ਰੈਲ-ਭੁੱਲਥ ਤੋਂ ਵਿਧਾਇਕ ਅਤੇ ਅਖਿਲ ਭਾਰਤੀ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਕਿਸਾਨਾਂ ਲਈ ਤੁਰੰਤ ਅਤੇ ਉਚਿਤ ਮੁਆਵਜ਼ੇ ਦੀ ਜ਼ੋਰਦਾਰ ਮੰਗ ਕੀਤੀ ਹੈ ਜਿਨ੍ਹਾਂ ਨੂੰ ਹਾਲ ਹੀ ਵਿਚ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿਚ ਅੱਗ, ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫਸਲ ਦਾ ਵੱਡਾ ਨੁਕਸਾਨ ਸਹਿਣਾ ਪਿਆ ਹੈ। ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਨੂੰ ਕਿਹਾ ਕਿ ਸਰਕਾਰ ਪਿਛਲੇ ਤਿੰਨ ਸਾਲਾਂ ਦੇ ਸ਼ਾਸਨ ਦੌਰਾਨ ਕਿਸਾਨਾਂ ਨੂੰ ਉਚਿਤ ਰਾਹਤ ਨਹੀਂ ਦੇ ਸਕੀ। ਹਾਲ ਹੀ ਵਿਚ ਗੜੇਮਾਰੀ, ਤੂਫਾਨਾਂ ਅਤੇ ਅੱਗ ਕਾਰਨ ਖੜ੍ਹੀਆਂ ਕਣਕ ਦੀਆਂ ਫਸਲਾਂ ਅਤੇ ਮੰਡੀਆਂ ਵਿਚ ਵਾਢੀ ਕੀਤੇ ਅਨਾਜ ਨੂੰ ਹੋਏ ਨੁਕਸਾਨ ਦਾ ਹਵਾਲਾ ਦਿੰਦਿਆਂ ਖਹਿਰਾ ਨੇ ਪ੍ਰਭਾਵਿਤ ਕਿਸਾਨਾਂ ਲਈ 50,000 ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕੀਤੀ ਤਾਂ ਜੋ ਉਹ ਵਿੱਤੀ ਸੰਕਟ ਤੋਂ ਬਾਹਰ ਨਿਕਲ ਸਕਣ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੂੰ ਨੁਕਸਾਨ ਦਾ ਪਾਰਦਰਸ਼ੀ ਅਤੇ ਤੇਜ਼ੀ ਨਾਲ ਮੁਲਾਂਕਣ ਕਰਨਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਮੁਆਵਜ਼ਾ ਹਰ ਪ੍ਰਭਾਵਿਤ ਕਿਸਾਨ ਤੱਕ ਬਿਨਾਂ ਦੇਰੀ ਪਹੁੰਚੇ। ਬਰਨਾਲਾ, ਮਾਨਸਾ ਅਤੇ ਸੰਗਰੂਰ ਵਰਗੇ ਜ਼ਿਲ੍ਹਿਆਂ ਵਿਚ ਤੂਫਾਨ ਅਤੇ ਗੜੇਮਾਰੀ ਨੇ ਫਸਲਾਂ ਨੂੰ ਤਬਾਹ ਕਰ ਦਿੱਤਾ ਹੈ, ਜਦਕਿ ਅੱਗ ਅਤੇ ਅਚਾਨਕ ਮੀਂਹ ਨੇ ਮੰਡੀਆਂ ਵਿਚ ਵਾਢੀ ਹੋਈ ਕਣਕ ਨੂੰ ਬਰਬਾਦ ਕਰ ਦਿੱਤਾ ਹੈ। 'ਆਪ' ਸਰਕਾਰ ਇਸ ਸੰਕਟ ਵਲੋਂ ਅੱਖਾਂ ਨਹੀਂ ਮੀਚ ਸਕਦੀ। ਕਿਸਾਨਾਂ ਨੂੰ ਨਿਆਂ ਅਤੇ ਉਚਿਤ ਮੁਆਵਜ਼ੇ ਦੀ ਲੋੜ ਹੈ, ਨਾ ਕਿ ਖੋਖਲੀਆਂ ਗੱਲਾਂ ਦੀ। ਖਹਿਰਾ ਨੇ ਇਕ ਮਜ਼ਬੂਤ ਫਸਲ ਬੀਮਾ ਵਿਵਸਥਾ ਸਥਾਪਤ ਕਰਨ ਅਤੇ ਰੋਕਥਾਮ ਦੇ ਉਪਾਵਾਂ, ਜਿਵੇਂ ਕਿ ਸਮੇਂ-ਸਿਰ ਮੌਸਮ ਸੰਬੰਧੀ ਚਿਤਾਵਨੀਆਂ ਅਤੇ ਮੰਡੀਆਂ ਵਿਚ ਵਾਢੀ ਹੋਈਆਂ ਫਸਲਾਂ ਦੀ ਸੁਰੱਖਿਆ ਲਈ ਬਿਹਤਰ ਬੁਨਿਆਦੀ ਢਾਂਚੇ ਦੀ ਮੰਗ ਵੀ ਕੀਤੀ ਤਾਂ ਜੋ ਕਿਸਾਨਾਂ ਨੂੰ ਭਵਿੱਖ ਵਿਚ ਅਜਿਹੇ ਨੁਕਸਾਨਾਂ ਤੋਂ ਬਚਾਇਆ ਜਾ ਸਕੇ।