ਬਾਬਾ ਬਕਾਲਾ ਸਾਹਿਬ : ਤਸਕਰ ਵਲੋਂ ਕੀਤੇ ਨਾਜਾਇਜ਼ ਕਬਜ਼ੇ 'ਤੇ ਚੱਲਿਆ ਪੀਲਾ ਪੰਜਾ

ਬਾਬਾ ਬਕਾਲਾ ਸਾਹਿਬ, 17 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇਥੇ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਪੰਜਾਬ ਸਰਕਾਰ ਵਲੋਂ ਵਿੱਢੀ "ਯੁੱਧ ਨਸ਼ਿਆਂ ਵਿਰੁੱਧ" ਮੁਹਿੰਮ ਤਹਿਤ ਪੁਲਿਸ ਨੇ ਕਾਰਵਾਈ ਕਰਦਿਆਂ ਇਕ ਨਸ਼ਾ ਤਸਕਰ ਵਲੋਂ ਜ਼ਮੀਨ 'ਤੇ ਕੀਤੇ ਨਾਜਾਇਜ਼ ਕਬਜ਼ੇ ਉਪਰ ਬਣਾਏ ਪਸ਼ੂਆਂ ਦੇ ਵਾੜੇ 'ਤੇ ਪੀਲਾ ਪੰਜਾ ਚਲਾਇਆ ਅਤੇ ਸੰਬੰਧਿਤ ਨਸ਼ਾ ਤਸਕਰ ਦੇ ਘਰ ਦੇ ਬਿਲਕੁਲ ਸਾਹਮਣੇ ਬਣੇ ਪਸ਼ੂਆਂ ਦੇ ਵਾੜੇ ਨੂੰ ਦੇਖਦਿਆਂ ਹੀ ਦੇਖਦਿਆਂ ਤਹਿਸ-ਨਹਿਸ ਕਰ ਦਿੱਤਾ ਅਤੇ ਭਵਿੱਖ ਵਿਚ ਨਸ਼ੇ ਨਾ ਵੇਚਣ ਦੀ ਸਖਤ ਹਦਾਇਤ ਕੀਤੀ। ਇਸ ਮੌਕੇੇ ਪੁੱਜੇ ਐਸ.ਪੀ. (ਡੀ.) ਅਦਿੱਤਿਆ ਵਾਰੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਇਤਿਹਾਸਕ ਨਗਰ ਬਾਬਾ ਬਕਾਲਾ ਸਾਹਿਬ ਵਿਖੇ ਕੁਝ ਨਸ਼ਾ ਤਸਕਰਾਂ ਵਲੋਂ ਨਸ਼ਾ ਵੇਚਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ, ਜਿਸ ਤੋਂ ਆਸ-ਪਾਸ ਦੇ ਲੋਕ ਪ੍ਰੇਸ਼ਾਨ ਸਨ, ਜਿਸ ਤਹਿਤ ਪੁਲਿਸ ਨੇ ਅੱਜ ਕਾਰਵਾਈ ਕਰਦਿਆਂ ਉਕਤ ਕਾਲੂ ਨਾਮ ਦੇ ਨਸ਼ਾ ਤਸਕਰ ਵਲੋਂ ਨਸ਼ਾ ਵੇਚ ਕੇ ਬਣਾਈ ਗਈ ਜ਼ਮੀਨ-ਜਾਇਦਾਦ ਉਪਰ ਪੀਲਾ ਪੰਜਾ ਚਲਾਇਆ।