21 ਨੂੰ ਹੋਵੇਗੀ ਆਨਲਾਈਨ ਐਨ.ਆਰ.ਆਈ. ਮਿਲਣੀ- ਕੁਲਦੀਪ ਸਿੰਘ ਧਾਲੀਵਾਲ

ਅਜਨਾਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਐਨ.ਆਰ.ਆਈ. ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ. ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ 21 ਅਪ੍ਰੈਲ ਨੂੰ ਭਾਰਤੀ ਸਮੇਂ ਅਨੁਸਾਰ 11 ਵਜੇ ਆਨਲਾਈਨ ਐਨ.ਆਰ.ਆਈ. ਮਿਲਣੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਰੇਕ ਮਹੀਨੇ ਐਨ.ਆਰ.ਆਈ. ਦੀਆਂ ਮੁਸ਼ਕਿਲਾਂ ਸੁਣਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਮਿਲਣੀ ਕੀਤੀ ਜਾਵੇ। ਇਸ ਲਈ ਅਸੀਂ ਦੁਨੀਆ ਭਰ ਵਿਚ ਵਸਦੇ ਪ੍ਰਵਾਸੀਆਂ ਨੂੰ ਆਨਲਾਈਨ ਜੁੜਨ ਦੀ ਸੁਵਿਧਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਮਿਲਣੀ ਤੋਂ ਪਹਿਲਾਂ ਵੀ ਪ੍ਰਵਾਸੀ ਆਪਣੀ ਸ਼ਿਕਾਇਤ ਦਫਤਰ ਨੂੰ ਈਮੇਲ ਜ਼ਰੀਏ ਭੇਜ ਸਕਦੇ ਹਨ ਜਾਂ ਉਹ ਚਾਹੁਣ ਤਾਂ ਉਸ ਦਿਨ ਭਾਰਤੀ ਸਮੇਂ ਅਨੁਸਾਰ 11 ਵਜੇ ਆਨਲਾਈਨ ਜੁੜ ਕੇ ਆਪਣੀ ਸ਼ਿਕਾਇਤ ਦੱਸ ਸਕਦੇ ਹਨ।
ਮੰਤਰੀ ਸ. ਧਾਲੀਵਾਲ ਨੇ ਅੱਗੇ ਕਿਹਾ ਕਿ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰੇਕ ਸ਼ਿਕਾਇਤ ਨੂੰ ਹੱਲ ਕਰੀਏ, ਇਸ ਲਈ ਅਸੀਂ ਲਗਾਤਾਰ ਕੋਸ਼ਿਸ਼ ਕਰਦੇ ਰਹਿੰਦੇ ਹਾਂI ਉਨ੍ਹਾਂ ਦੱਸਿਆ ਕਿ ਪਿਛਲੀਆਂ ਸ਼ਿਕਾਇਤਾਂ ਵਿਚੋਂ ਅਸੀਂ ਲਗਭਗ ਬਹੁਤੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਦਿੱਤਾ ਹੈ ਅਤੇ ਜੋ ਮਾਮਲੇ ਅਦਾਲਤ ਵਿਚ ਪੈਂਡਿੰਗ ਹਨ, ਉਨ੍ਹਾਂ ਉਤੇ ਵੀ ਕਾਨੂੰਨੀ ਰਾਏ ਲਈ ਜਾ ਰਹੀ ਹੈ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਵੱਧ ਤੋਂ ਵੱਧ ਇਨ੍ਹਾਂ ਮਿਲਣੀਆਂ ਦਾ ਲਾਭ ਲੈਣ ਲਈ ਸੱਦਾ ਦਿੱਤਾ।