ਹੈਰੋਇਨ ਸਮੇਤ ਵਿਅਕਤੀ ਕੀਤਾ ਗ੍ਰਿਫਤਾਰ

ਜੈਤੋ, 16 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)-ਸਥਾਨਕ ਪੁਲਿਸ ਨੇ 7 ਗ੍ਰਾਮ 50 ਮਿਲੀਗ੍ਰਾਮ ਹੈਰੋਇਨ ਸਮੇਤ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਾਣਕਾਰੀ ਅਨੁਸਾਰ ਇੰਸਪੈਕਟਰ ਗੁਰਵਿੰਦਰ ਸਿੰਘ ਮੁੱਖ ਅਫਸਰ ਥਾਣਾ ਜੈਤੋ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਗੁਰਜੰਟ ਸਿੰਘ ਪੁਲਿਸ ਪਾਰਟੀ ਸਮੇਤ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਗਸ਼ਤ ਦੇ ਸਬੰਧ ਵਿਚ ਕੋਟਕਪੂਰਾ ਰੋਡ ਜੈਤੋ ਤੋਂ ਸ੍ਰੀ ਮੁਕਤਸਰ ਸਾਹਬਿ ਬਾਈਪਾਸ ਨੇੜੇ ਰੇਲਵੇ ਅੰਡਰਬ੍ਰਿਜ ਜੈਤੋ ਵੱਲ ਨੂੰ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਅੰਡਰਬ੍ਰਿਜ ਤੋਂ ਥੋੜ੍ਹਾ ਪਿੱਛੇ ਸੀ ਤਾਂ ਸਾਹਮਣੇ ਤੋਂ ਇਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ, ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਆਪਣੇ ਹੱਥ ਵਿਚ ਫੜੀ ਪਾਰਦਰਸ਼ੀ ਮੋਮੀ ਲਿਫਾਫਾ ਸੜਕ ਉਤੇ ਸੁੱਟ ਦਿੱਤਾ। ਪੁਲਿਸ ਪਾਰਟੀ ਨੇ ਉਸ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ, ਜਿਸ ਨੇ ਆਪਣਾ ਨਾਮ ਯੁੱਧਵੀਰ ਸਿੰਘ ਉਰਫ ਗੱਗੂ ਪੁੱਤਰ ਸੇਵਕ ਸਿੰਘ ਵਾਸੀ ਪਿੰਡ ਰੋੜੀਕਪੂਰਾ ਦੱਸਿਆ। ਜਦੋਂ ਯੁੱਧਵੀਰ ਸਿੰਘ ਉਰਫ ਗੱਗੂ ਦੀ ਤਲਾਸ਼ੀ ਲਈ ਤਾਂ ਉਸ ਪਾਸੋਂ ਹੈਰੋਇਨ ਬਰਾਮਦ ਹੋਈ। ਇਸ ’ਤੇ ਮੁਕੱਦਮਾ ਨੰਬਰ 41 ਮਿਤੀ 15.04.2025 ਅ/ਧ 21(ਬੀ) /61/85 ਐਨ.ਡੀ.ਪੀ.ਐਸ. ਐਕਟ ਥਾਣਾ ਜੈਤੋ ਦਰਜ ਕਰਕੇ ਦੋਸ਼ੀ ਯੁੱਧਵੀਰ ਸਿੰਘ ਉਰਫ ਗੱਗੂ ਨੂੰ ਗ੍ਰਿਫਤਾਰ ਕੀਤਾ ਹੈ। ਉਕਤ ਮੁਕੱਦਮਿਆਂ ਵਿਚ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤੇ ਜਾ ਰਹੇ ਹਨ ਤਾਂ ਜੋ ਇਨ੍ਹਾਂ ਪਾਸੋਂ ਹੋਰ ਪੁੱਛਗਿੱਛ ਕੀਤੀ ਜਾ ਸਕੇ। ਇਸ ਤੋਂ ਇਲਾਵਾ ਇਨ੍ਹਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।