ਸੜਕ ਹਾਦਸੇ ਵਿਚ 4 ਜ਼ਖਮੀ
ਜਲੰਧਰ, 18 ਮਾਰਚ- ਫਿਲੌਰ ਰਾਸ਼ਟਰੀ ਰਾਜਮਾਰਗ ’ਤੇ ਬੱਸ ਸਟੈਂਡ ਨੇੜੇ ਵਾਪਰੇ ਇਕ ਭਿਆਨਕ ਹਾਦਸੇ ਵਿਚ, ਰਾਸ਼ਟਰੀ ਰਾਜਮਾਰਗ ’ਤੇ ਜਲੰਧਰ ਵੱਲ ਜਾ ਰਹੇ ਇਕ ਮੋਟਰਸਾਈਕਲ ’ਤੇ ਸਵਾਰ ਦੋ ਵਿਅਕਤੀਆਂ ਨੂੰ ਇਕ ਕਾਲੇ ਰੰਗ ਦੀ ਗੱਡੀ ਨੇ ਟੱਕਰ ਮਾਰ ਦਿੱਤੀ। ਇਸ ਘਟਨਾ ਦੌਰਾਨ, ਇਕ ਔਰਤ ਬੱਸ ਸਟੈਂਡ ’ਤੇ ਬੱਸ ਦੀ ਉਡੀਕ ਕਰ ਰਹੀ ਸੀ, ਜਿਸ ਨੂੰ ਕਾਰ ਨੇ ਟੱਕਰ ਮਾਰ ਦਿੱਤੀ। ਸਥਾਨਕ ਲੋਕਾਂ ਅਨੁਸਾਰ ਇਸ ਹਾਦਸੇ ਵਿਚ 2 ਔਰਤਾਂ ਅਤੇ 2 ਪੁਰਸ਼ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਲੋਕਾਂ ਦੀ ਮਦਦ ਨਾਲ ਨਜ਼ਦੀਕੀ ਸਰਕਾਰੀ ਹਸਪਤਾਲ ਫਿਲੌਰ ਲਿਜਾਇਆ ਗਿਆ। ਇਕ ਹੋਰ ਵਿਅਕਤੀ ਨੂੰ 112 ਸੁਰੱਖਿਆ ਬਲ ਸੇਵਾ ਵਲੋਂ ਮੌਕੇ ’ਤੇ ਲਿਆਂਦਾ ਗਿਆ ਅਤੇ ਸਿਵਲ ਹਸਪਤਾਲ ਭੇਜਿਆ ਗਿਆ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ। ਗੱਡੀ ਦੇ ਡਰਾਈਵਰ ਨੂੰ ਪੁਲਿਸ ਨੇ ਮੌਕੇ ’ਤੇ ਹੀ ਫੜ ਲਿਆ ਹੈ ਅਤੇ ਉਸ ਦੇ ਬਿਆਨ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।