ਪਤੰਗ ਲੁੱਟ ਰਹੇ 6 ਸਾਲਾ ਬੱਚੇ ਦੀ ਚਾਈਨਾ ਡੋਰ ਹਾਈਵੋਲਟੇਜ ਤਾਰਾਂ 'ਚ ਆਉਣ ਨਾਲ ਮੌਤ
ਤਰਨਤਾਰਨ, 14 ਜਨਵਰੀ (ਹਰਿੰਦਰ ਸਿੰਘ)-ਤਰਨਤਾਰਨ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਆਪਣੇ ਘਰ ਦੇ ਛੱਤ ’ਤੇ ਗੁੱਡੀ ਲੁੱਟ ਰਹੇ ਇਕ 6 ਸਾਲ ਦੇ ਬੱਚੇ ਦੀ ਹਾਈਵੋਲਟੇਜ ਤਾਰਾਂ ’ਚ ਚਾਈਨਾ ਡੋਰ ਪੈਣ ਨਾਲ ਕਰੰਟ ਲੱਗਣ ਤੋਂ ਬਾਅਦ ਮੌਤ ਹੋ ਗਈ, ਜਿਸ ਕਾਰਨ ਘਰ ਅਤੇ ਆਸ-ਪਾਸ ਮੁਹੱਲੇ ਵਿਚ ਲੋਹੜੀ ਅਤੇ ਮਾਘੀ ਦੇ ਤਿਉਹਾਰ ਦੀਆਂ ਖੁਸ਼ੀਆਂ ਮਾਤਮ ਵਿਚ ਬਦਲ ਗਈਆਂ। ਜਾਣਕਾਰੀ ਅਨੁਸਾਰ ਗੁਰੂ ਤੇਗ ਬਹਾਦਰ ਨਗਰ ਤਰਨਤਾਰਨ ਦੇ ਰਹਿਣ ਵਾਲੇ ਰਣਜੀਤ ਸਿੰਘ ਜੋ ਕਿ ਫੌਜ ਵਿਚ ਨੌਕਰੀ ਕਰਦੇ ਹਨ, ਦਾ 6 ਸਾਲ ਦਾ ਲੜਕਾ ਦਿਲਜਾਨ ਸਿੰਘ ਆਪਣੀ ਦਾਦੀ ਅਤੇ 7 ਸਾਲ ਦੀ ਭੈਣ ਪ੍ਰਨੀਤ ਕੌਰ ਨਾਲ ਆਪਣੇ ਘਰ ਦੀ ਛੱਤ ਉਤੇ ਖੇਡ ਰਿਹਾ ਸੀ। ਇਸੇ ਦੌਰਾਨ ਇਕ ਪਤੰਗ ਨੂੰ ਫੜਨ ਦੇ ਚੱਕਰ ਵਿਚ ਉਸਦੇ ਹੱਥ ਵਿਚ ਆਈ ਚਾਈਨਾ ਡੋਰ ਘਰ ਦੇ ਅੱਗੇ ਲੰਘ ਰਹੀਆਂ ਹਾਈਵੋਲਟੇਜ ਬਿਜਲੀ ਦੀਆਂ ਤਾਰਾਂ ’ਤੇ ਪੈ ਗਈ ਅਤੇ ਉਹ ਕਰੰਟ ਦੀ ਲਪੇਟ ਵਿਚ ਆ ਗਿਆ। ਕਰੰਟ ਇੰਨਾ ਤੇਜ਼ ਸੀ ਕਿ ਬੱਚਾ ਇਕਦਮ ਛੱਤ ਉਪਰ ਹੀ ਡਿੱਗ ਪਿਆ। ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਵਿਖੇ ਲਿਆਂਦਾ, ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਕਰਾਰ ਦੇ ਦਿੱਤਾ।