17-12-2025
ਵਧ ਰਿਹਾ ਪਰਿਵਾਰਕ ਪਾੜਾ
ਅੱਜ ਇਨਸਾਨ ਅੰਦਰ ਇਨਸਾਨੀਅਤ ਦੀ ਭਾਵਨਾ ਖ਼ਤਮ ਹੁੰਦੀ ਜਾ ਰਹੀ ਹੈ। ਪਹਿਲਾਂ ਪਹਿਲ ਲੋਕ ਲਹੂ ਨਿਕਲਦੇ ਨੂੰ ਦੇਖ ਪਿਘਲ ਜਾਂਦੇ ਸਨ, ਪਰ ਹੁਣ ਕੁਝ ਆਮ ਲੋਕ ਵੀ ਐਨੇ ਜ਼ਿਆਦਾ ਵਹਿਸ਼ੀ ਤੇ ਦਰਿੰਦੇ ਬਣ ਗਏ ਹਨ ਕਿ ਕਿਸੇ ਦਾ ਕਤਲ ਕਰਨ ਲੱਗਿਆਂ ਬਿੰਦ ਤੱਕ ਨਹੀਂ ਲਗਾਉਂਦੇ। ਅੱਜ ਰਿਸ਼ਤਿਆਂ 'ਚ ਕਤਲ ਹੋ ਰਹੇ ਹਨ, ਦੋਸਤ ਦੋਸਤ ਦਾ ਕਤਲ ਕਰ ਰਿਹਾ ਹੈ, ਵਹਿਸ਼ੀ ਮਾਸੂਮਾਂ ਨੂੰ ਮਾਰ ਰਹੇ ਹਨ।
ਇਸ ਸਭ ਦਾ ਵੱਡਾ ਕਾਰਨ ਹੈ ਵਧ ਰਿਹਾ ਪਰਿਵਾਰਕ ਪਾੜਾ। ਇਸ ਪਰਿਵਾਰਕ ਪਾੜੇ ਦੇ ਅਨੇਕਾਂ ਕਾਰਨ ਹਨ। ਅੱਜ ਇੱਕ ਬੱਚੇ ਨੂੰ, ਨੌਜਵਾਨ ਨੂੰ ਆਪਣੇ ਪਰਿਵਾਰ ਤੋਂ ਉਹ ਸਿੱਖਿਆ ਨਹੀਂ ਮਿਲ ਰਹੀ, ਜੋ ਮਿਲਣੀ ਚਾਹੀਦੀ ਸੀ। ਰਿਸ਼ਤਿਆਂ ਦੀ ਕਦਰ ਘਟ ਰਹੀ ਹੈ। ਮੋਬਾਈਲ, ਨਸ਼ੇ, ਸਕੂਲਾਂ ਕਾਲਜਾਂ ਦੀ ਪੜ੍ਹਾਈ ਦਾ ਬੇਲੋੜਾ ਬੋਝ, ਨੌਕਰੀਆਂ ਦੇ ਇਮਤਿਹਾਨਾਂ ਦਾ ਤਣਾਅ ਇਕ ਆਮ ਨੌਜਵਾਨ ਨੂੰ ਪਰਿਵਾਰ ਤੋਂ ਦੂਰ ਰਿਹਾ ਹੈ।
ਇਨਸਾਨੀਅਤ ਦੀ ਭਾਵਨਾ ਦੇ ਪਹਿਲੇ ਪੜਾਅ ਦਾ ਆਗਾਜ਼ ਪਰਿਵਾਰ ਤੋਂ ਹੀ ਹੁੰਦਾ ਹੈ ਸੋ ਵਧ ਰਹੇ ਪਰਿਵਾਰਕ ਪਾੜੇ ਨੂੰ ਘਟਾਉਣ ਦੀ ਲੋੜ ਹੈ।
-ਜੋਬਨ ਖਹਿਰਾ
ਪਿੰਡ ਖਹਿਰਾ, ਤਹਿਸੀਲ ਸਮਰਾਲਾ, ਲੁਧਿਆਣਾ।
ਡਾਕ ਖ਼ਰਚ ਘਟਾਓ
ਅੰਗਰੇਜ਼ਾਂ ਦੇ ਸਮੇਂ ਤੋਂ ਹੀ ਪੂਰੇ ਦੇਸ਼ ਵਿਚ ਡਾਕ ਪ੍ਰਣਾਲੀ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਹੀ ਸੀ, ਪ੍ਰੰਤੂ ਕੇਂਦਰੀ ਸਰਕਾਰ ਨੇ ਡਾਕ ਵਿਭਾਗ ਦੇ ਸਦੀਆਂ ਪੁਰਾਣੇ ਢਾਂਚੇ ਵਿਚ ਵੱਡੇ ਬਦਲਾਅ ਕੀਤੇ ਹਨ, ਜਿਸ ਵਿਚ ਚਿੱਠੀਆਂ ਦੀ ਰਜਿਸਟਰੀ ਕਰਨ ਦੀ ਸਕੀਮ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਸਰਕਾਰ ਦੇ ਵੱਖ ਵੱਖ ਵਿਭਾਗਾਂ ਵਿਚ ਰਜਿਸਟਰੀ ਪ੍ਰਣਾਲੀ ਨੂੰ ਠੋਸ ਸਬੂਤ ਵਜੋਂ ਮੰਨਿਆ ਜਾਂਦਾ ਸੀ। ਰਜਿਸਟਰੀ ਪ੍ਰਣਾਲੀ ਨੂੰ ਬੰਦ ਕਰਨ ਤੋਂ ਬਾਅਦ ਹੁਣ ਸਪੀਡ ਪੋਸਟ ਰਾਹੀ ਹੀ ਚਿੱਠੀਆਂ ਭੇਜਣ ਦੀ ਸਕੀਮ ਰਹਿ ਗਈ ਹੈ, ਜਿਸ ਉੱਪਰ ਰਜਿਸਟਰੀ ਦੇ ਮੁਕਾਬਲੇ ਦੁੱਗਣੇ ਤੋਂ ਵੀ ਵੱਧ ਰੁਪਏ ਲਗਦੇ ਹਨ।
ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਗ਼ਰੀਬ ਲੋਕਾਂ ਦੀ ਆਰਥਿਕ ਸਥਿਤੀ ਨੂੰ ਧਿਆਨ ਵਿਚ ਰੱਖਦਿਆਂ ਸਪੀਡ ਪੋਸਟ ਦੀਆਂ ਦਰਾਂ ਵਿਚ ਵੱਡੀ ਕਟੌਤੀ ਕਰਨੀ ਚਾਹੀਦੀ ਹੈ। ਤਾਂ ਕਿ ਗ਼ਰੀਬ ਲੋਕਾਂ ਦਾ ਡਾਕ ਵਿਭਾਗ ਪ੍ਰਤੀ ਪਹਿਲਾਂ ਦੀ ਤਰ੍ਹਾਂ ਵਿਸ਼ਵਾਸ ਬਣਿਆ ਰਹੇ, ਤੇ ੳਨ੍ਹਾਂ ਨੂੰ ਮਜਬੂਰੀ ਵੱਸ ਪ੍ਰਾਈਵੇਟ ਕੰਪਨੀਆਂ ਰਾਹੀ ਆਪਣੀ ਡਾਕ ਨਾ ਭੇਜਣੀ ਪਵੇ।
-ਅੰਗਰੇਜ਼ ਸਿੰਘ ਵਿੱਕੀ,
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)
ਕਣਕ ਮਾੜੀ ਨਹੀਂ ਖਾਣ ਦਾ ਢੰਗ ਮਾੜਾ
ਕਣਕ ਪੌਸ਼ਟਿਕਤਾ ਭਰਪੂਰ ਆਹਾਰ ਹੈ। ਖੋਜਾਂ ਤੋਂ ਬਾਅਦ ਪਤਾ ਲੱਗਿਆ ਹੈ ਕਿ ਕਣਕ ਦੇ ਚੋਕਰ 'ਚ ਵੱਡੀ ਮਾਤਰਾ ਵਿਚ ਤਾਕਤ ਹੁੰਦੀ ਹੈ ਜਿਸ ਨੂੰ ਆਮ ਤੌਰ 'ਤੇ ਆਟਾ ਛਟਨ ਮਗਰੋਂ ਇਸ ਨੂੰ ਸੁੱਟ ਦਿੱਤਾ ਜਾਂਦਾ ਹੈ। ਤੰਦਰੁਸਤ ਰਹਿਣ ਲਈ ਡਾਕਟਰ ਬਿਨਾਂ ਛਾਣਿਆ ਆਟਾ ਖਾਣ ਦੀ ਸਲਾਹ ਦਿੰਦੇ ਹਨ ਕਿਉਂਕਿ ਇਹ ਆਟਾ ਖਾਣ ਨਾਲ ਪੇਟ ਦੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ, ਬਹੁਤੇ ਲੋਕ ਕਣਕ ਨੂੰ ਮਾੜੀ ਦੱਸ ਕੇ ਖਾਣੀ ਛੱਡ ਦਿੰਦੇ ਹਨ, ਜਦੋਂ ਕਿ ਕਣਕ ਖਾਣੀ ਮਾੜੀ ਨਹੀਂ ਹੈ ਸਗੋਂ ਸਾਡੇ ਖਾਣ ਦਾ ਢੰਗ ਮਾੜਾ ਹੈ। ਦੂਸਰੇ ਪਾਸੇ ਕਣਕ ਦੇ ਪੌਦਿਆਂ ਦਾ ਜੂਸ ਪੀਣ ਨਾਲ ਸਰੀਰ ਦੇ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ। ਇਹ ਇੰਨਾ ਲਾਹੇਵੰਦ ਹੈ ਕਿ ਇਸ ਦੀ ਵਰਤੋਂ ਨਾਲ ਕੈਂਸਰ ਦੇ ਮਰੀਜ਼ਾਂ ਵਿਚ ਵੀ ਚੰਗੇ ਅਸਰ ਸਾਹਮਣੇ ਆਏ ਹਨ। ਭਗੰਦਰ, ਬਵਾਸੀਰ, ਸ਼ੂਗਰ, ਗਠੀਆ, ਪੀਲੀਆ, ਦਮਾ ਤੇ ਖੰਘ ਆਦਿ ਤੋਂ ਪੀੜਤ ਮਰੀਜ਼ ਵੀ ਕਣਕ ਦੇ ਰਸ ਨਾਲ ਠੀਕ ਹੋ ਜਾਂਦੇ ਹਨ। ਬੁਢਾਪੇ ਦੀ ਕਮਜ਼ੋਰੀ ਨੂੰ ਦੂਰ ਕਰਨ ਲਈ ਇਹ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ। ਕਣਕ ਦੇ ਰਸ ਦੇ ਗੁਣਾਂ ਕਰਕੇ ਇਸ ਨੂੰ ਗਰੀਨ ਬਲੱਡ ਵੀ ਕਿਹਾ ਜਾਂਦਾ ਹੈ। ਕਣਕ ਦਾ ਰਸ ਬਹੁਤ ਹੀ ਆਸਾਨੀ ਨਾਲ ਤਿਆਰ ਕੀਤਾ ਜਾ ਸਕਦਾ ਹੈ। ਅੱਠ-ਦਸ ਦਿਨਾਂ ਅੰਦਰ ਬੂਟੇ 7-8 ਇੰਚ ਦੇ ਹੋ ਜਾਣਗੇ। 30-40 ਪੌਦੇ ਪੁੱਟ ਕੇ ਜੜ੍ਹਾਂ ਕੱਟ ਦੇਵੋ। ਬਚੇ ਹੋਏ ਪੌਦਿਆਂ ਨੂੰ ਸਾਫ਼ ਕਰਕੇ ਪੱਤਿਆਂ ਸਮੇਤ ਥੋੜ੍ਹੇ ਜਿਹੇ ਪਾਣੀ ਨਾਲ ਪੀਸ ਕੇ ਅੱਧਾ ਗਿਲਾਸ ਰਸ ਪੁਣ ਕੇ ਤਿਆਰ ਕਰ ਲਉ। ਰੋਗੀ ਨੂੰ ਸਵੇਰੇ-ਸ਼ਾਮ ਇਸ ਤਾਜ਼ਾ ਰਸ ਦੀ ਵਰਤੋਂ ਕਰਨੀ ਚਾਹੀਦੀ ਹੈ। ਰਸ ਕੱਢਣ ਮਗਰੋਂ ਬਚੇ ਪੱਤਿਆਂ ਨੂੰ ਵੀ ਨਮਕ ਪਾ ਕੇ ਖਾਧਾ ਜਾ ਸਕਦਾ ਹੈ। ਗਰਮੀਆਂ ਦੇ ਮੌਸਮ 'ਚ ਕਣਕ ਨੂੰ ਏਸੀ ਕਮਰੇ 'ਚ ਵੀ ਉਗਾਇਆ ਜਾ ਸਕਦਾ ਹੈ। ਕਣਕ ਦੇ ਬੂਟੇ 7-8 ਇੰਚ ਤੋਂ ਲੰਮੇ ਨਹੀਂ ਹੋਣੇ ਚਾਹੀਦੇ। ਗ਼ਮਲੇ ਖਾਲੀ ਹੋਣ ਤੋਂ ਬਾਅਦ ਦੁਬਾਰਾ ਫਿਰ ਕਣਕ ਬੀਜੀ ਜਾ ਸਕਦੀ ਹੈ। ਕਣਕ ਦੀਆਂ ਬੱਕਲੀਆਂ ਬਣਾ ਕੇ ਵੀ ਖਾਧੀਆਂ ਜਾ ਸਕਦੀਆਂ ਹਨ। ਪਿਛਲੇ ਸਮਿਆਂ ਦੌਰਾਨ ਗੁੜ ਪਾ ਕੇ ਕਣਕ ਦੀਆਂ ਬੱਕਲੀਆਂ ਬਣਾ ਕੇ ਆਮ ਹੀ ਖਾਧੀਆਂ ਜਾਂਦੀਆਂ ਸਨ, ਪਰ ਹੁਣ ਫਾਸਟ ਫੂਡ ਅਤੇ ਤਿਆਰ ਬਰ ਤਿਆਰ ਖਾਧ ਪਦਾਰਥਾਂ ਨੇ ਮਨੁੱਖੀ ਸਰੀਰ ਨੂੰ ਹਰ ਪਾਸਿਓਂ ਨੁਕਸਾਨ ਕੀਤਾ ਹੈ।
-ਬ੍ਰਿਸ ਭਾਨ ਬੁਜਰਕ
ਕਾਹਨਗੜ੍ਹ ਰੋਡ, ਪਾਤੜਾਂ।
ਗਲਤੀਆਂ : ਇਨਸਾਨ ਦਾ ਸੁਭਾਅ
ਇਨਸਾਨ ਚਾਹੇ ਕਿੰਨਾ ਵੀ ਸਮਝਦਾਰ ਜਾਂ ਪੜ੍ਹਿਆ-ਲਿਖਿਆ ਹੋਵੇ, ਗਲਤੀਆਂ ਮਨੁੱਖੀ ਸੁਭਾਅ ਦਾ ਹਿੱਸਾ ਹਨ। ਜਲੰਧਰ ਤੋਂ ਕਪੂਰਥਲਾ ਜਾਣ ਲਈ ਬੱਸ ਵਿਚ ਸਫਰ ਕਰਦਿਆਂ ਮੇਰੇ ਪਿੱਛੇ ਵਾਲੀ ਸੀਟ 'ਤੇ ਦੋ ਔਰਤਾਂ ਬੈਠੀਆਂ ਸਨ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿ ਦੋਵੇਂ ਪੜ੍ਹੀਆਂ-ਲਿਖੀਆਂ ਨੇ ਅਤੇ ਸਰਕਾਰੀ ਨੌਕਰੀ ਕਰਦੀਆਂ ਹਨ।
ਜਦੋਂ ਬੱਸ ਕਪੂਰਥਲਾ ਦੇ ਨੇੜੇ ਪਹੁੰਚੀ ਤਾਂ ਦੋਵੇਂ ਅਚਾਨਕ ਚੌਂਕ ਗਈਆਂ। ਉਹ ਆਪਸ ਵਿਚ ਪੁੱਛਣ ਲੱਗੀਆਂ ਕਿ 'ਏ ਬੱਸ ਕਿਧਰ ਨੂੰ ਜਾ ਰਹੀ ਹੈ?' ਫਿਰ ਉਨ੍ਹਾਂ ਮੇਰੇ ਤੋਂ ਪੁੱਛਿਆ, ਤਾਂ ਮੈਂ ਦੱਸਿਆ ਕਿ ਬਸ ਕਪੂਰਥਲਾ ਜਾ ਰਹੀ ਹੈ।
ਇਹ ਸੁਣਦੇ ਹੀ ਉਹ ਹੈਰਾਨ ਹੋ ਗਈਆਂ। ਉਹ ਬੋਲੀਆਂ, ਸਾਡੀ ਅੱਜ ਕਪੂਰਥਲਾ ਡਿਊਟੀ ਸੀ ਤੇ ਅਸੀਂ ਤਾਂ ਹੁਣੇ ਕਪੂਰਥਲਾਂ ਤੋਂ ਡਿਊਟੀ ਕਰਕੇ ਜਲਧਰ ਆਏ ਸੀ, ਹੁਣ ਅਸੀਂ ਲੁਧਿਆਣਾ ਜਾਣਾ ਸੀ, ਪਰ ਗਲਤੀ ਨਾਲ ਫਿਰ ਕਪੂਰਥਲਾ ਵਾਲੀ ਬੱਸ ਚੜ੍ਹ ਗਏ ਹਾਂ।
ਇਸ ਛੋਟੀ ਜਿਹੀ ਘਟਨਾ ਨੇ ਸਾਬਤ ਕਰ ਦਿੱਤਾ ਕਿ ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ।
-ਪਵਨ ਕੁਮਾਰ ਅੱਤਰੀ
ਕਪੂਰਥਲਾ।