ਅੰਮ੍ਰਿਤਸਰ ’ਚ ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਉਡਾਣਾਂ ਪ੍ਰਭਾਵਿਤ
ਰਾਜਾਸਾਂਸੀ, (ਅੰਮ੍ਰਿਤਸਰ), 10 ਜਨਵਰੀ (ਹਰਦੀਪ ਸਿੰਘ ਖੀਵਾ)- ਸੰਘਣੀ ਧੁੰਦ ਤੇ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜਣ ਤੇ ਰਵਾਨਾ ਹੋਣ ਵਾਲੀਆਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇੱਥੋਂ ਸਵੇਰ ਤੜਕੇ ਤੋਂ ਦੁਪਹਿਰ 12.30 ਵਜੇ ਤੱਕ ਦੇਸ਼ ਤੇ ਵਿਦੇਸ਼ਾਂ ਨੂੰ ਉਡਾਣ ਭਰਨ ਵਾਲੀਆਂ ਸਾਰੀਆਂ ਉਡਾਣਾਂ ਆਪਣੇ ਤੈਅ ਸਮੇਂ ਤੋਂ 1 ਘੰਟੇ ਤੋਂ ਲੈ ਕੇ ਕਰੀਬ 4 ਘੰਟੇ ਤੱਕ ਦੇਰੀ ਵਿਚ ਹਨ। ਇਸ ਤੋਂ ਇਲਾਵਾ ਬਰਮਿੰਘਮ ਤੋਂ ਅੰਮ੍ਰਿਤਸਰ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਨੂੰ ਜੈਪੁਰ ਵੱਲ ਮੋੜ ਦਿੱਤਾ ਗਿਆ ਤੇ ਦੁਬਈ ਤੋਂ ਪੁੱਜਣ ਵਾਲੀ ਕੋਰੈਡਨ ਏਅਰ ਲਾਈਨ ਦੀ ਉਡਾਣ ਕਰੀਬ ਸਵਾ 4 ਘੰਟੇ ਦੇਰੀ ਵਿਚ ਹੈ। ਇਸ ਤੋਂ ਇਲਾਵਾ ਦੇਰ ਰਾਤ ਧੁੰਦ ਕਾਰਣ ਤਿੰਨ ਘਰੇਲੂ ਉਡਾਣਾਂ ਰੱਦ ਹੋ ਗਈਆਂ, ਜਿਸ ਕਾਰਨ ਯਾਤਰੀਆਂ ਨੂੰ ਠੰਢ ਵਿੱਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।