ਤਹਿਸੀਲਦਾਰ ਸੁਖਚਰਨ ਸਿੰਘ ਚੰਨੀ ਦੀ ਗਿ੍ਫ਼ਤਾਰੀ ਦੇ ਵਿਰੋਧ ਵਿਚ ਤਹਿਸੀਲਾਂ ’ਚ ਇਕ ਦਿਨ ਦੀ ਹੜਤਾਲ
ਚੰਡੀਗੜ੍ਹ, 28 ਨਵੰਬਰ- ਬੀਤੇ ਦਿਨ ਬਰਨਾਲਾ ਵਿਖੇ ਵਿਜੀਲੈਂਸ ਨੇ ਰਿਸ਼ਵਤ ਲੈਂਦਿਆਂ ਇਕ ਤਹਿਸੀਲਦਾਰ ਨੂੰ ਰੰਗੇ ਹੱਥ ਕਾਬੂ ਕੀਤਾ ਸੀ। ਬਰਨਾਲਾ ਦੇ ਤਪਾ ਮੰਡੀ ਵਿਚ ਟਰੈਪ ਲਗਾ ਕੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਉਸ ਨੇ ਕਿਸਾਨ ਤੋਂ ਜ਼ਮੀਨ ਦੀ ਰਜਿਸਟਰੀ ਬਦਲੇ 20 ਹਜ਼ਾਰ ਰੁਪਏ ਮੰਗੇ ਗਏ ਸਨ, ਜਿਸ ਤੋਂ ਬਾਅਦ ਉਕਤ ਕਿਸਾਨ ਨੇ ਮਾਮਲਾ ਵਿਜੀਲੈਂਸ ਦੇ ਧਿਆਨ ਵਿਚ ਲਿਆਂਦਾ ਤੇ ਤਹਿਸੀਲ ਕੰਪਲੈਕਸ ਤਪਾ ਮੰਡੀ ਤੋਂ ਮੁਲਜ਼ਮ ਤਹਿਸੀਲਦਾਰ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤਹਿਸੀਲਦਾਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਵੀ ਦੱਸਿਆ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਭਰ ਦੇ ਤਹਿਸੀਲ ਕੰਪਲੈਕਸਾਂ ਵਿਚ ਅੱਜ ਕੰਮ ਠੱਪ ਕਰ ਦਿੱਤਾ ਗਿਆ ਤੇ ਰੈਵੇਨਿਊ ਅਫ਼ਸਰਾਂ ਵਲੋਂ ਇਕ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਵਲੋਂ ਸੁਖਚਰਨ ਸਿੰਘ ਚੰਨੀ ਦੀ ਗਿ੍ਰਫ਼ਤਾਰੀ ਦਾ ਵਿਰੋਧ ਕੀਤਾ ਜਾ ਰਿਹਾ ਹੈ।