ਸਰਦ ਰੁੱਤ ਇਜਲਾਸ ਵਿਚ ਸਦਨ ਵੀ ਰਹੇਗਾ ਸਰਦ- ਪ੍ਰਧਾਨ ਮੰਤਰੀ
ਨਵੀਂ ਦਿੱਲੀ, 25 ਨਵੰਬਰ- ਅੱਜ ਤੋਂ ਸੰਸਦ ਦਾ ਸਰਦ ਰੁੱਤ ਇਜਲਾਸ ਸ਼ੁਰੂ ਹੋ ਰਿਹਾ ਹੈ ਜੋ ਕਿ 20 ਦਸੰਬਰ ਤੱਕ ਚੱਲੇਗਾ। ਇਜਲਾਸ ਸ਼ੁਰੂ ਹੋਣ ਤੋਂ ਪਹਿਲਾਂ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 2024 ਦਾ ਇਹ ਆਖ਼ਰੀ ਇਜਲਾਸ ਹੈ ਤੇ ਕਈ ਪੱਖਾਂ ਤੋਂ ਬਹੁਤ ਖ਼ਾਸ ਹੈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਸੈਸ਼ਨ ਵਿਚ ਮਾਹੌਲ ਵੀ ਸਰਦ ਹੀ ਰਹੇਗਾ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ 2025 ਦੇ ਸਵਾਗਤ ਦੀ ਤਿਆਰੀ ਵਿਚ ਹੈ ਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸੰਵਿਧਾਨ ਦੇ 75ਵੇਂ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਤੇ ਭਲਕੇ ਸੰਵਿਧਾਨ ਸਦਨ ਵਿਚ ਸਾਰੇ ਲੋਕ ਸਾਡੇ ਸੰਵਿਧਾਨ ਦੀ 75ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣਗੇ। ਉਨ੍ਹਾਂ ਕਿਹਾ ਕਿ ਸੰਸਦ ਵਿਚ ਕੁਝ ਲੋਕ ਹੀ ਰੌਲਾ ਪਾਉਂਦੇ ਹਨ ਤੇ ਮਾਹੌਲ ਖ਼ਰਾਬ ਕਰਦੇ ਹਨ ਪਰ ਲੋਕ ਉਨ੍ਹਾਂ ਦੀਆਂ ਸਾਰੀਆਂ ਕਾਰਵਾਈਆਂ ਗਿਣਦੇ ਹਨ ਤੇ ਸਮਾਂ ਆਉਣ ’ਤੇ ਉਨ੍ਹਾਂ ਨੂੰ ਸਜ਼ਾ ਵੀ ਦਿੰਦੇ ਹਨ ਪਰ ਸਭ ਤੋਂ ਦੁਖਦ ਗੱਲ ਇਹ ਹੈ ਕਿ ਨਵੇਂ ਸੰਸਦ ਮੈਂਬਰ, ਨਵੇਂ ਵਿਚਾਰ ਤੇ ਨਵੀਂ ਊਰਜਾ ਲੈ ਕੇ ਆਉਂਦੇ ਹਨ ਤੇ ਉਹ ਕਿਸੇ ਇਕ ਪਾਰਟੀ ਦੇ ਨਹੀਂ ਬਲਕਿ ਸਾਰੀਆਂ ਪਾਰਟੀਆਂ ਦੇ ਹੁੰਦੇ ਹਨ। ਕੁਝ ਲੋਕ ਉਨ੍ਹਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦੇ ਹਨ ਤੇ ਉਨ੍ਹਾਂ ਨੂੰ ਸਦਨ ਵਿਚ ਬੋਲਣ ਦਾ ਮੌਕਾ ਵੀ ਨਹੀਂ ਮਿਲਦਾ ਪਰ ਜਿਨ੍ਹਾਂ ਨੂੰ ਜਨਤਾ ਨੇ ਲਗਾਤਾਰ 80-90 ਵਾਰ ਨਕਾਰ ਦਿੱਤਾ ਹੈ, ਉਹ ਸੰਸਦ ਵਿਚ ਚਰਚਾ ਵੀ ਨਹੀਂ ਹੋਣ ਦਿੰਦੇ। ਉਹ ਨਾ ਤਾਂ ਲੋਕਤੰਤਰ ਦੀ ਭਾਵਨਾ ਦਾ ਸਨਮਾਨ ਕਰਦੇ ਹਨ ਤੇ ਨਾ ਹੀ ਲੋਕਾਂ ਦੀ ਇੱਛਾਵਾਂ ਨੂੰ ਸਮਝਦੇ ਹਨ। ਅਜਿਹੇ ਲੋਕ ਜਨਤਾ ਦੀਆਂ ਭਾਵਨਾਵਾਂ ’ਤੇ ਕਦੇ ਵੀ ਖ਼ਰੇ ਨਹੀਂ ਉਤਰ ਸਕਦੇ।