ਸੰਘਣੀ ਧੁੰਦ ਕਾਰਨ ਕਈ ਰੇਲਗੱਡੀਆਂ ਰੱਦ
ਨਵੀਂ ਦਿੱਲੀ, 20 ਨਵੰਬਰ- ਰਾਸ਼ਟਰੀ ਰਾਜਧਾਨੀ ਖੇਤਰ ਸਮੇਤ ਸਮੁੱਚਾ ਉੱਤਰੀ ਭਾਰਤ ਜ਼ਹਿਰੀਲੇ ਧੂੰਏਂ ਦੀ ਲਪੇਟ ਵਿਚ ਹੈ। ਕੱਲ੍ਹ ਦਿੱਲੀ ਦੇਸ਼ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਸੀ। ਸੰਘਣੀ ਧੁੰਦ ਦੀ ਇਕ ਸੰਘਣੀ ਚਾਦਰ ਪੰਜਾਬ, ਹਰਿਆਣਾ ਤੋਂ ਰਾਜਸਥਾਨ, ਪੱਛਮੀ ਉੱਤਰ ਪ੍ਰਦੇਸ਼ ਅਤੇ ਮੁੰਬਈ ਤੱਕ ਫੈਲੀ ਹੋਈ ਹੈ। ਇਸ ਨਾਲ ਦਿੱਖ ਘਟ ਗਈ ਅਤੇ ਜਹਾਜ਼ਾਂ ਅਤੇ ਰੇਲਗੱਡੀਆਂ ਦੇ ਸੰਚਾਲਨ ’ਤੇ ਵੀ ਅਸਰ ਪਿਆ ਹੈ। ਕਈ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਵਿਭਾਗ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਧੁੰਦ ਕਾਰਨ 13 ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ ਤੇ 9 ਰੇਲਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਦਿੱਲੀ ਵਿਚ ਗ੍ਰੈਪ-4 ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਪਾਬੰਦੀਸ਼ੁਦਾ ਵਾਹਨਾਂ ਨੂੰ ਰਾਜਧਾਨੀ ਵਿਚ ਦਾਖ਼ਲ ਹੋਣ ਤੋਂ ਰੋਕਣ ਲਈ ਪੁਲਿਸ ਨੇ ਰਾਤ ਭਰ ਚੌਕਸੀ ਰੱਖੀ। ਮੌਸਮ ਵਿਭਾਗ ਨੇ ਸੱਤ ਰਾਜਾਂ ਦਿੱਲੀ, ਯੂ.ਪੀ., ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ ਵਿਚ ਦੋ ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅੰਕੜਿਆਂ ਅਨੁਸਾਰ, ਦਿੱਲੀ ਵਿਚ ਅੱਜ ਹਵਾ ਗੁਣਵੱਤਾ ਸੂਚਕ ਅੰਕ 488 ਦਰਜ ਕੀਤਾ ਗਿਆ।