ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਵਲੋਂ ਮਿਲੀ ਜ਼ੈੱਡ ਸੁਰੱਖਿਆ ਕੀਤੀ ਵਾਪਿਸ
ਤਲਵੰਡੀ ਸਾਬੋ, 13 ਨਵੰਬਰ (ਰਣਜੀਤ ਸਿੰਘ ਰਾਜੂ) - ਪਿਛਲੇ ਸਮੇਂ ਤੋਂ ਲਗਾਤਾਰ ਚਰਚਾ 'ਚ ਚੱਲੇ ਆ ਰਹੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਵਲੋਂ ਉਨ੍ਹਾਂ ਨੂੰ ਮੁਹੱਈਆ ਕਰਵਾਈ ਗਈ ਜ਼ੈੱਡ ਸੁਰੱਖਿਆ ਵਾਪਿਸ ਕਰ ਦਿੱਤੀ ਹੈ। ਪਤਾ ਲੱਗਾ ਹੈ ਕਿ ਸੀ.ਆਰ.ਪੀ. ਦੇ ਸਾਰੇ ਮੁਲਾਜ਼ਮਾਂ ਨੇ ਬੀਤੀ ਦੇਰ ਸ਼ਾਮ ਸਿੰਘ ਸਾਹਿਬ ਦੀ ਸਥਾਨਕ ਰਿਹਾਇਸ਼ ਤੋਂ ਰਵਾਨਗੀ ਪਾ ਦਿੱਤੀ ਹੈ। ਦੱਸਣਾ ਬਣਦਾ ਹੈ ਕਿ ਮਈ 2022 ਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਨਾਲ ਹੀ ਜਦੋਂ ਪੰਜਾਬ ਸਰਕਾਰ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਸੁਰੱਖਿਆ ਵਾਪਿਸ ਲੈ ਲਈ ਸੀ ਤਾਂ ਕੇਂਦਰ ਨੇ ਉਨ੍ਹਾਂ ਨੂੰ ਜ਼ੈੱਡ ਸੁਰੱਖਿਆ ਉਪਲਬਧ ਕਰਵਾਈ ਸੀ। ਹਾਲਾਂਕਿ ਬਾਅਦ ਚ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਦੀ ਸੁਰੱਖਿਆ ਬਹਾਲ ਕਰ ਦਿੱਤੀ ਸੀ।ਜ਼ਿਕਰਯੋਗ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਪਿਛਲੇ ਸਮੇਂ ਤੋਂ ਕਈ ਵਾਰ ਕੇਂਦਰ ਨੂੰ ਅਪੀਲ ਕਰ ਚੁੱਕੇ ਸਨ ਕਿ ਸੁਰੱਖਿਆ ਵਾਪਿਸ ਲਈ ਜਾਵੇ।ਜਾਣਕਾਰੀ ਅਨੁਸਾਰ ਹੁਣ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਅਪੀਲ ਸਵੀਕਾਰ ਕਰ ਲਈ ਸੀ ਜਿਸ ਦੇ ਚੱਲਦਿਆਂ ਇਹ ਸੁਰੱਖਿਆ ਵਾਪਿਸ ਹੋਈ ਹੈ।