ਦੀਪ ਮਲਹੋਤਰਾ ਦੀ ਮਾਲਬਰੋਜ਼ ਸ਼ਰਾਬ ਫੈਕਟਰੀ 'ਤੇ ਈ.ਡੀ. ਦੀ ਰੇਡ
ਜ਼ੀਰਾ, 16 ਜੁਲਾਈ (ਰਜਨੀਸ਼ ਕਥੂਰੀਆ)-ਪੰਜਾਬ ਦੇ ਵੱਡੇ ਸ਼ਰਾਬ ਕਾਰੋਬਾਰੀ ਅਤੇ ਫਰੀਦਕੋਟ ਤੋਂ ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਜ਼ੀਰਾ ਨੇੜੇ ਪਿੰਡ ਮਨਸੂਰਵਾਲ ਕਲਾਂ ਵਿਖੇ ਸਥਿਤ ਸ਼ਰਾਬ ਫੈਕਟਰੀ ਵਿਚ ਅੱਜ ਸਵੇਰੇ ਕਰੀਬ 7 ਵਜੇ ਤੋਂ ਈ.ਡੀ. (ਇਨਫੋਰਸਮੈਂਟ ਡਾਇਰੈਕਟੋਰੇਟ) ਜਲੰਧਰ ਤੋਂ ਆਈ ਇਕ ਟੀਮ ਵਲੋਂ ਰੇਡ ਜਾਰੀ ਹੈ। ਇਹ ਟੀਮ 4 ਇਨੋਵਾ ਗੱਡੀਆਂ ਉਤੇ ਆਈ ਦੱਸੀ ਜਾ ਰਹੀ ਹੈ ਅਤੇ ਇਹ ਗੱਡੀਆਂ ਫੈਕਟਰੀ ਦੇ ਗੇਟ ਦੇ ਬਾਹਰ ਖੜ੍ਹੀਆਂ ਹਨ। ਫੈਕਟਰੀ ਦਾ ਗੇਟ ਬੰਦ ਹੈ ਅਤੇ ਟੀਮ ਫੈਕਟਰੀ ਅੰਦਰ ਜਾਂਚ-ਪੜਤਾਲ ਕਰ ਰਹੀ ਹੈ। ਇਸ ਸੰਬੰਧ ਵਿਚ ਸ਼ਰਾਬ ਫੈਕਟਰੀ ਬੰਦ ਕਰਵਾਉਣ ਲਈ ਸਰਗਰਮ ਸਾਂਝਾ ਮੋਰਚਾ ਜ਼ੀਰਾ ਦੇ ਆਗੂ ਰੋਮਨ ਬਰਾੜ, ਸੁਖਾਨੰਦ, ਫਤਿਹ ਸਿੰਘ, ਪ੍ਰਦੀਪ ਸਿੰਘ, ਗੁਰਦੇਵ ਸਿੰਘ ਅਤੇ ਜਗਰੂਪ ਸਿੰਘ ਨੇ ਦੱਸਿਆ ਕਿ ਈ. ਡੀ. ਦੀ ਇਹ ਛਾਪੇਮਾਰੀ ਮਨੀ ਲਾਂਡਰਿੰਗ ਨਾਲ ਸੰਬੰਧਿਤ ਹੈ। ਈ. ਡੀ. ਦੇ ਇਕ ਉੱਚ ਅਧਿਕਾਰੀ ਨੇ ਅਜੀਤ ਦੇ ਇਕ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਹ ਛਾਪੇਮਾਰੀ ਈ. ਡੀ. ਵਲੋਂ ਮਨੀ ਲਾਂਡਰਿੰਗ ਨਾਲ ਜੁੜੀ ਹੋਈ ਹੈ ਅਤੇ ਦੀਪ ਮਲਹੋਤਰਾ ਦੇ ਵੱਖ-ਵੱਖ ਟਿਕਾਣਿਆਂ ਉਤੇ ਇਹ ਛਾਪੇਮਾਰੀ ਅੱਜ ਸਵੇਰ ਤੋਂ ਹੀ ਕੀਤੀ ਜਾ ਰਹੀ ਹੈ। ਖਬਰ ਲਿਖੇ ਜਾਣ ਤੱਕ ਛਾਪੇਮਾਰੀ ਜਾਰੀ ਸੀ।