07-11-2024
ਸਰਕਾਰੀ ਸਕੂਲਾਂ ਦਾ ਹਾਲ
ਅੱਜ ਕੀ ਕੰਮ ਮਿਲਿਆ? ਮੈਂ ਕੋਲ ਬੈਠੀ ਕੁੜੀ ਨੂੰ ਪੁੱਛਿਆ, ਜੋ ਪ੍ਰਾਇਮਰੀ ਸਕੂਲ ਵਿਚ ਪੜ੍ਹਦੀ ਸੀ। ਕੁਝ ਵੀ ਨਹੀ ਦੀਦੀ ਅੱਜ ਸਕੂਲ 'ਚ ਬਿਜਲੀ ਨਹੀਂ ਸੀ ਤਾਂ ਅਧਿਆਪਕਾਂ ਨੇ ਪੜ੍ਹਾਇਆ ਹੀ ਨਹੀਂ। ਕਿਉਂ ਥੋਡੇ ਸਕੂਲ ਦੇ ਅਧਿਆਪਕ ਬਿਜਲੀ ਤੇ ਚਲਦੇ ਆ। ਕੋਲ ਬੈਠੇ ਪ੍ਰਾਈਵੇਟ ਸਕੂਲ ਦੇ ਬੱਚੇ ਨੇ ਮਜ਼ਾਕ ਕਰਦਿਆਂ ਆਖਿਆ, ਪਿਛਲੇ ਇਕ ਮਹੀਨੇ ਤੋ ਮੈਂ ਰੋਜ਼ ਕੰਮ ਨਾ ਮਿਲਣ ਦੇ ਨਵੇਂ ਹੀ ਬਹਾਨੇ ਸੁਣ ਰਹੀ ਸੀ। ਹੋਰ ਤਾਂ ਹੋਰ ਚੌਥੀ ਕਲਾਸ ਵਿਚ ਪੜ੍ਹ ਰਹੀ ਸੰਦੀਪ ਨੂੰ ਆਪਣਾ ਨਾਂਅ ਤੱਕ ਵੀ ਨਹੀਂ ਸੀ ਲਿਖਣਾ ਆਉਂਦਾ। ਮੈਨੂੰ ਲੱਗਦਾ ਸਰਕਾਰੀ ਤੇ ਪ੍ਰਾਇਮਰੀ ਸਕੂਲਾ ਦੇ ਅਧਿਆਪਕਾਂ ਨੂੰ ਬੱਸ ਨੌਕਰੀਆਂ ਲੈਣ ਦਾ ਹੀ ਸ਼ੌਕ ਆ ਪੜ੍ਹਾਉਣ ਦਾ ਨ੍ਹੀ। ਹਰ ਇਕ ਨਵੀਂ ਸਰਕਾਰ ਵੀ ਇਹੀ ਕਹਿੰਦੀ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣਗੇ, ਪਰ ਅਫਸੋਸ ਕਿ ਉਨ੍ਹਾਂ ਦਾ ਧਿਆਨ ਸਿਰਫ ਇਮਾਰਤਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ।ਅਧਿਆਪਕਾਂ ਜਾਂ ਬੱਚਿਆ ਵੱਲ ਨਹੀਂ ਤੇ ਨਾ ਹੀ ਉਥੇ ਮਿਲ ਰਹੀ ਸਿੱਖਿਆ ਵੱਲ।
-ਰਜਨਦੀਪ ਕੌਰ ਸੰਧੂ
ਕੌਹਰ ਸਿੰਘ ਵਾਲਾ, ਫ਼ਿਰੋਜ਼ਪੁਰ।
ਭਾਰਤ ਕੈਨੇਡਾ ਦੇ ਵਿਗੜਦੇ ਰਿਸ਼ਤੇ
ਅਜੀਤ ਦੀ ਸੰਪਾਦਕੀ 'ਭਾਰਤ ਅਤੇ ਕੈਨੇਡਾ ਦੇ ਵਿਗੜਦੇ ਰਿਸ਼ਤੇ' ਵਿਚ ਸਤਿਕਾਰਯੋਗ ਡਾ. ਬਰਜਿੰਦਰ ਸਿੰਘ ਹਮਦਰਦ ਜੀ ਨੇ ਭਾਰਤ ਤੇ ਕੈਨੇਡਾ ਵਿਚਾਲੇ ਮੌਜੂਦਾ ਤਣਾਅ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਇਸ ਤਣਾਅ ਨੂੰ ਘੱਟ ਕਰਨ ਦਾ ਸੁਝਾਅ ਵੀ ਦਿੱਤਾ ਹੈ। ਇਹ ਸੰਪਾਦਕੀ ਬਹੁਤ ਹੀ ਗਿਆਨ ਭਰਪੂਰ ਹੈ। ਕੈਨੇਡਾ ਪੰਜਾਬੀਆਂ ਦੀ ਸੁਪਨ ਨਗਰੀ ਹੈ ਅਤੇ ਹਰ ਪੰਜਾਬੀ ਦੀ ਇੱਛਾ ਹੁੰਦੀ ਹੈ ਕਿ ਉਹ ਇੱਕ ਵਾਰੀ ਕੈਨੇਡਾ ਜ਼ਰੂਰ ਜਾਵੇ। ਅੰਕੜਿਆਂ ਅਨੁਸਾਰ ਇਸ ਸਮੇਂ ਕੈਨੇਡਾ ਵਿਚ ਕਰੀਬ 7 ਲੱਖ ਤੋਂ ਵੱਧ ਪੰਜਾਬੀ ਰਹਿ ਰਹੇ ਹਨ ਅਤੇ ਕੈਨੇਡਾ ਦੇ ਕਈ ਇਲਾਕੇ ਤਾਂ ਪੰਜਾਬੀਆਂ ਦੇ ਗੜ੍ਹ ਹਨ, ਜਿਨ੍ਹਾਂ ਨੂੰ ਮਿੰਨੀ ਪੰਜਾਬ ਵੀ ਕਿਹਾ ਜਾਂਦਾ ਹੈ। ਪੰਜਾਬ ਤੋਂ ਬਾਅਦ ਵੱਡੀ ਗਿਣਤੀ ਪੰਜਾਬੀ ਕੈਨੇਡਾ ਵਿਚ ਹੀ ਵਸਦੇ ਹਨ ਅਤੇ ਪੰਜਾਬ ਆ ਕੇ ਖ਼ਰੀਦਦਾਰੀ ਕਰਕੇ ਸੂਬੇ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ। ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਪੰਜਾਬ ਵਿਚ ਰਹਿੰਦੇ ਆਪਣੇ ਪਰਿਵਾਰਾਂ ਨੂੰ ਡਾਲਰ ਜਾਂ ਰੁਪਏ ਭੇਜੇ ਜਾਂਦੇ ਹਨ, ਜੋ ਕਿ ਪੰਜਾਬ ਨੂੰ ਆਰਥਿਕ ਪੱਧਰ 'ਤੇ ਮਜ਼ਬੂਤ ਕਰਦੇ ਹਨ। ਕੈਨੇਡਾ ਭਾਵੇਂ ਗੋਰਿਆਂ ਦਾ ਮੁਲਕ ਹੈ, ਪਰ ਪੰਜਾਬੀਆਂ ਨੂੰ ਉਹ ਹੁਣ ਆਪਣਾ ਹੀ ਦੂਜਾ ਘਰ ਲੱਗਣ ਲੱਗ ਪਿਆ ਹੈ। ਭਾਰਤ ਅਤੇ ਕੈਨੇਡਾ ਵਿਚਾਲੇ ਤਾਜ਼ਾ ਕੂਟਨੀਤਕ ਤਣਾਅ ਕਾਰਨ ਕੈਨੇਡਾ ਰਹਿੰਦੇ ਪੰਜਾਬੀਆਂ ਦੇ ਪੰਜਾਬ ਰਹਿੰਦੇ ਪਰਿਵਾਰ ਚਿੰਤਤ ਹਨ ਅਤੇ ਇਨ੍ਹਾਂ ਪੰਜਾਬੀਆਂ ਨੂੰ ਚਿੰਤਾ ਹੋ ਰਹੀ ਹੈ ਕਿ ਕਿਤੇ ਉਨ੍ਹਾਂ ਨੂੰ ਕੈਨੇਡਾ ਦੇ ਵੀਜ਼ੇ ਮਿਲਣ ਵਿਚ ਮੁਸ਼ਕਿਲ ਨਾ ਆਉਣ ਲੱਗੇ। ਆਪਸੀ ਤਣਾਅ ਸਮਾਪਤ ਕਰਨ ਲਈ ਦੋਵੇਂ ਦੇਸ਼ਾਂ ਨੂੰ ਹੀ ਆਪਸੀ ਸਹਿਮਤੀ ਨਾਲ ਸਾਂਝੇ ਕਦਮ ਉਠਾਉਣੇ ਚਾਹੀਦੇ ਹਨ ਤਾਂ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਦੁਵੱਲੇ ਸਬੰਧ ਮਿੱਤਰਤਾਪੂਰਨ ਬਣਨ।
-ਜਗਮੋਹਨ ਸਿੰਘ ਲੱਕੀ
ਲੱਕੀ ਨਿਵਾਸ, 61-ਏ ਵਿੱਦਿਆ ਨਗਰ, ਪਟਿਆਲਾ।
ਅੰਨਦਾਤੇ ਦੀ ਬੇਕਦਰੀ
ਪਿਛਲੇ ਕੁਝ ਦਿਨਾਂ ਤੋਂ ਅਖ਼ਬਾਰਾਂ ਨੇ ਅੰਨਦਾਤੇ ਦੀ ਤਰਜਮਾਨੀ ਕਰਕੇ ਸਰਕਾਰ ਨੂੰ ਮੌਕਾ ਸਾਂਭਣ ਦੀ ਨਸੀਹਤ ਦਿੱਤੀ ਹੈ। ਇਹ ਤਾਂ ਮੌਸਮ ਦੀ ਮਿਹਰਬਾਨੀ ਹੈ ਜੋ ਠੀਕ ਰਿਹਾ ਨਹੀਂ ਤਾਂ ਸਰਕਾਰ ਦੇ ਅਕਸ ਨੂੰ ਹੋਰ ਵੀ ਢਾਹ ਲੱਗ ਜਾਣੀ ਸੀ। ਝੋਨੇ ਦੀ ਖਰੀਦਦਾਰੀ ਤੁਰੰਤ ਹੋਣੀ ਚਾਹੀਦੀ ਹੈ ਜਿਸ ਨਾਲ ਕਿਸਾਨ ਦੇ ਹੌਸਲੇ ਬੁਲੰਦ ਰਹਿਣ। ਬਿਨਾਂ ਸ਼ੱਕ ਪੰਜਾਬ ਸਰਕਾਰ ਦੇ ਉਪਰਾਲੇ ਜਾਰੀ ਹਨ, ਪਰ ਸਿਆਸੀ ਸੌੜ ਸਾਜਿਸ਼ ਵੀ ਜਾਪਦੀ ਹੈ। ਕੁਝ ਵੀ ਹੋਵੇ ਮੁੱਖ ਮੰਤਰੀ ਸਾਹਿਬ ਦੇ ਭਰੋਸਾ ਵਧਾਉਣ ਵਾਲੇ ਯਤਨਾਂ ਵਿਚ ਅੜਿੱਕੇ ਪਾਉਣ ਨਾਲੋਂ ਗੰਭੀਰ ਸੰਕਟ ਮਿਲ ਬੈਠ ਕੇ ਮੌਸਮ ਦੀ ਕਰੋਪੀ ਹੋਣ ਤੋਂ ਪਹਿਲਾਂ ਮਾਮਲਾ ਨਿਬੇੜਿਆ ਜਾਵੇ। ਅੰਨਦਾਤੇ ਦੀ ਬੇਕਦਰੀ ਰੋਕਣ ਅਤੇ ਭਰੋਸਾ ਜਿੱਤਣਾ ਸਰਕਾਰ ਲਈ ਭਵਿੱਖੀ ਸੰਕਟਾਂ ਤੋਂ ਬਚਾਅ ਕਰ ਸਕਦਾ ਹੈ। ਫ਼ਸਲ ਦੀ ਵੇਚ ਵੱਟ ਤੋਂ ਬਿਨਾਂ ਮੰਡੀਆਂ 'ਚ ਜੱਟ ਅਤੇ ਚੁੱਲ੍ਹੇ ਮੂਹਰੇ ਔਰਤ ਰੁਲਦੀ ਹੀ ਰਹੇਗੀ। ਅੰਨਦਾਤੇ ਦੀ ਬੇਕਦਰੀ ਰੋਕਣ ਲਈ ਸਰਕਾਰ ਉਪਰਾਲੇ ਹੋਰ ਵੀ ਤੇਜ਼ ਕਰੇ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ, ਰੂਪਨਗਰ।