ਪਿੰਡਾਂ ’ਚ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ ਨੂੰ ਸ਼ਰਾਬ ਅਤੇ ਪੈਸਿਆ ਨਾਲ ਭਰਮਾਉਣ ਲਈ ਉਮੀਦਵਾਰ ਹੋਏ ਪੱਬਾਂ ਭਾਰ
ਮੰਡੀ ਘੁਬਾਇਆ, (ਫ਼ਾਜ਼ਿਲਕਾ), 4 ਅਕਤੂਬਰ (ਅਮਨ ਬਵੇਜਾ)- ਚੋਣ ਕਮਿਸ਼ਨ ਪੰਜਾਬ ਵਲੋਂ ਜਾਰੀ ਹਦਾਇਤਾਂ ਦੇ ਉਲਟ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡਾਂ ਵਿਚ ਪੰਚਾਇਤੀ ਚੋਣਾਂ ਦੇ ਉਮੀਦਵਾਰਾਂ ਵਲੋਂ ਸ਼ਰੇਆਮ ਸ਼ਰਾਬ ਪੈਸੇ ਸਮੇਤ ਹੋਰ ਲਾਲਚ ਦੇ ਕੇ ਵੋਟਰਾਂ ਨੂੰ ਭਰਮਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਜਲਾਲਾਾਬਾਦ ਦਾ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ ਅਤੇ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਉਮੀਦਵਾਰਾਂ ਵਲੋਂ ਵੋਟਰਾਂ ਨੂੰ ਸ਼ਰਾਬ ਮੀਟ ਅਤੇ ਹੋਰ ਨਸ਼ੇ ਦੀਆਂ ਪਾਰਟੀਆਂ ਦਿੱਤੀਆਂ ਜਾ ਰਹੀਆਂ ਹਨ ਅਤੇ ਪੈਸੇ ਦੇ ਕੇ ਵੋਟ ਲੈਣ ਦੇ ਵਾਅਦੇ ਅਤੇ ਸੌਂਹਾਂ ਲਈਆਂ ਜਾ ਰਹੀਆਂ ਹਨ ਅਤੇ ਆਮ ਅਤੇ ਗਰੀਬ ਵਿਅਕਤੀ ਲਈ ਚੋਣਾਂ ਲੜਨੀਆਂ ਸੁਪਨਾਂ ਬਣਦੀਆਂ ਜਾ ਰਹੀਆਂ ਹਨ ਪਰ ਜਲਾਲਾਬਾਦ ਦੇ ਐੱਸ.ਡੀ.ਐੱਮ ਅਤੇ ਡੀ.ਐੱਸ.ਪੀ ਕੋਈ ਵੀ ਠੋਸ ਕਾਰਵਾਈ ਕਰਨ ’ਚ ਅਸਫ਼ਲ ਜਾਪ ਰਹੇ ਹਨ ਅਤੇ ਇਸ ਸੰਬੰਧੀ ਐੱਸ.ਡੀ.ਐਮ. ਜਲਾਲਾਬਾਦ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।