ਕਾਹਲਵਾਂ ਤੋਂ ਪੰਚ ਉਮੀਦਵਾਰ ਗੁਰਦੀਪ ਸਿੰਘ ਦੀ ਪੋਲਿੰਗ ਦੌਰਾਨ ਮੌਤ
ਕਾਲਾ ਸੰਘਿਆਂ, 15 ਅਕਤੂਬਰ (ਬਲਜੀਤ ਸਿੰਘ ਸੰਘਾ)-ਪੰਚਾਇਤੀ ਚੋਣਾਂ ਦੌਰਾਨ ਤਰ੍ਹਾਂ-ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਦੌਰਾਨ ਕਾਲ਼ਾ ਸੰਘਿਆਂ ਦੇ ਨਜ਼ਦੀਕੀ ਪਿੰਡ ਕਾਹਲਵਾਂ ਤੋਂ ਪੰਚ ਉਮੀਦਵਾਰ ਦੀ ਚਲਦੀ ਪੋਲਿੰਗ ਦੌਰਾਨ ਸਿਹਤ ਵਿਗੜਨ ਨਾਲ਼ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਕਾਹਲਵਾਂ ਦੇ ਪੰਜ ਵਾਰਡਾਂ ਵਿਚੋਂ ਵਾਰਡ ਨੰਬਰ 1 ਤੋਂ ਪੰਚ ਉਮੀਦਵਾਰ ਕਰੀਬ 60 ਸਾਲਾ ਗੁਰਦੀਪ ਸਿੰਘ ਦੀ ਚੱਲ ਰਹੀ ਪੋਲਿੰਗ ਦੌਰਾਨ ਅਚਾਨਕ ਸਿਹਤ ਵਿਗੜ ਗਈ, ਜਿਸ ਉਤੇ ਉਸ ਨੂੰ ਕਾਲਾ ਸੰਘਿਆਂ ਦੇ ਸਰਕਾਰੀ ਹਸਪਤਾਲ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਗੁਰਦੀਪ ਸਿੰਘ ਦੀ ਹਾਲਤ ਗੰਭੀਰ ਹੋਣ ਕਰਕੇ ਮੁਢਲੀ ਮੈਡੀਕਲ ਸਹਾਇਤਾ ਦੇਣ ਉਪਰੰਤ ਸ਼ਹਿਰ ਭੇਜ ਦਿੱਤਾ। ਇਸੇ ਦੌਰਾਨ ਗੁਰਦੀਪ ਸਿੰਘ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਗੁਰਦੀਪ ਸਿੰਘ ਪਹਿਲਾਂ ਤਿੰਨ ਵਾਰ ਪਿੰਡ ਦਾ ਮੈਂਬਰ ਪੰਚਾਇਤ ਰਿਹਾ ਅਤੇ ਇਕ ਵਾਰ ਸਰਪੰਚ ਵੀ ਰਹਿ ਚੁੱਕਾ ਹੈ।