JALANDHAR WEATHER

ਭਾਰਤ ਦੀ ਪ੍ਰਭੂਸਤਾ ਦਾ ਸਤਿਕਾਰ ਕਰਦੇ ਹਾਂ ਤੇ ਭਾਰਤ ਤੋਂ ਵੀ ਇਹੀ ਆਸ ਰੱਖਦੇ ਹਾਂ – ਟਰੂਡੋ

ਟੋਰਾਂਟੋ, 15 ਅਕਤੂਬਰ (ਸਤਪਾਲ ਸਿੰਘ ਜੌਹਲ)- ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਬੀਤੇ ਸਾਲ ਤੋਂ ਚੱਲ ਰਹੀ ਜਾਂਚ ਦੌਰਾਨ ਕੈਨੇਡਾ ਅਤੇ ਭਾਰਤ ਦੇ ਰਿਸ਼ਤਿਆਂ ਨੇ ਬੀਤੇ 48 ਕੁ ਘੰਟਿਆਂ ਦੌਰਾਨ ਤੇਜੀ ਨਾਲ ਨਿਘਾਰ ਵੱਲ੍ਹ ਰੁਖ ਕੀਤਾ ਹੈ, ਜਿਸ ਦੌਰਾਨ ਦੋਵਾਂ ਦੇਸ਼ਾਂ ਨੇ ਇਕ ਦੂਸਰੇ ਦੇ ਰਾਜਦੂਤਾਂ ਸਮੇਤ ਦਰਜਨ ਕੂਟਨੀਤਕਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਇਸੇ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਰਾਜਧਾਨੀ ਓਟਾਵਾ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਦੇਸ਼ ਦੇ ਜੰਤਕ ਸੁਰੱਖਿਆ ਮੰਤਰੀ ਡੋਮਨੀਕ ਲੇਬਲਾਂਕ ਅਤੇ ਵਿਦੇਸ਼ ਮੰਤਰੀ ਮੇਲਾਨੀ ਜੌਲੀ ਵੀ ਮੌਜੂਦ ਸਨ। ਸ੍ਰੀ ਟਰੂਡੋ ਨੇ ਕਿਹਾ ਕਿ ਅਸੀਂ ਭਾਰਤ ਦੀ ਪ੍ਰਭੂਸਤਾ ਦਾ ਸਤਿਕਾਰ ਕਰਦੇ ਹਾਂ ਅਤੇ ਬਦਲੇ ਵਿਚ ਭਾਰਤ ਤੋਂ ਵੀ ਇਹ ਹੀ ਆਸ ਰੱਖਦੇ ਹਾਂ। ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਵਿਚਕਾਰ ਲੋਕਾਂ ਤੋਂ ਲੋਕਾਂ ਤੱਕ ਡੂੰਘੇ ਇਤਹਾਸਕ ਰਿਸ਼ਤੇ ਹਨ ਅਤੇ ਦੋਵੇਂ ਦੇਸ਼ਾਂ ਵਿਚ ਲੋਕਤੰਤਰ ਮਜ਼ਬੂਤ ਹੈ। ਸ੍ਰੀ ਟਰੂਡੋ ਨੇ ਸਪੱਸ਼ਟ ਕਿਹਾ ਕਿ ਕੈਨੇਡਾ ਦੀ ਪ੍ਰਭੂਸਤਾ ਭੰਗ ਕਰਕੇ ਭਾਰਤ ਸਰਕਾਰ ਨੇ ਬੁਨਿਆਦੀ ਗਲਤੀ ਕੀਤੀ ਹੈ। ਮੰਤਰੀ ਜੌਲੀ ਅਤੇ ਲੇਬਲਾਂਕ ਨੇ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅਧਿਕਾਰੀਆਂ (ਆਰ.ਸੀ.ਐੱਮ.ਪੀ.) ਦੇ ਹਵਾਲੇ ਨਾਲ ਦੱਸਿਆ ਕਿ ਕਤਲਾਂ ਦੀ ਸਾਜਿਸ਼, ਜਬਰੀ ਵਸੂਲੀ, ਚੋਣਾਂ ਵਿਚ ਦਖਲ, ਜਾਣਕਾਰੀ ਇਕੱਤਰ ਕਰਨ ਲਈ ਗੈਰਕਾਨੂੰਨੀ ਤਰੀਕੇ ਅਪਨਾਉਣ ਵਰਗੇ ਜ਼ੁਰਮਾਂ ਲਈ ਕੈਨੇਡਾ ਦੀ ਧਰਤੀ ਨੂੰ ਵਰਤਣ ਨਹੀਂ ਦਿੱਤਾ ਜਾ ਸਕਦਾ। ਇਸ ਤੋਂ ਪਹਿਲਾਂ ਆਰ.ਸੀ.ਐੱਮ.ਪੀ. ਦੇ ਅਧਿਕਾਰੀਆਂ ਨੇ ਆਪਣੀ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ ਸੀ ਕਿ ਕੈਨੇਡਾ ਵਿਚ ਹਿੰਸਾ ਫੈਲਾਉਣ ਲਈ ਭਾਰਤ ਸਰਕਾਰ ਨੇ ਲਾਰੇਂਸ ਬਿਸ਼ਨੋਈ ਗੈਂਗ ਦੀ ਵਰਤੋਂ ਕੀਤੀ। ਇਹ ਵੀ ਕਿ ਭਾਈ ਨਿੱਝਰ ਕਤਲ ਕੇਸ ਬਾਰੇ ਜਾਣਕਾਰੀ ਜੱਗਜਾਹਿਰ ਹੋਣ ਤੋਂ ਬਾਅਦ ਕੈਨੇਡਾ ਵਿਚ ਹਿੰਸਕ ਘਟਨਾਵਾਂ ਵਿਚ ਹੋਰ ਵਾਧਾ ਹੋ ਗਿਆ ਸੀ, ਜਿਸ ਵਿਚ ਐਡਮਿੰਟਨ, ਸਰੀ, ਵੈਨਕੁਵਰ, ਟੋਰਾਂਟੋ, ਬਰੈਂਪਟਨ ਆਦਿ ਸ਼ਹਿਰਾਂ ਤੱਕ ਗੋਲੀਬਾਰੀ ਅਤੇ ਜਬਰੀ ਵਸੂਲੀ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਅਤੇ ਇਨ੍ਹਾਂ ਵਾਰਦਾਤਾਂ ਲਈ ਗ੍ਰਿਫਤਾਰ ਕੀਤੇ ਗਏ ਸਾਰੇ ਸ਼ੱਕੀ (ਪੰਜਾਬੀ) ਭਾਰਤੀ ਨਾਗਰਿਕ ਹਨ। ਸ੍ਰੀ ਟਰੂਡੋ ਨੇ ਕਿਹਾ ਕਿ ਵਿਦੇਸ਼ੀ ਦਖਲ ਅਤੇ ਹਿੰਸਾ ਤੋਂ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਕਰਨਾ ਉਨ੍ਹਾਂ ਦਾ ਪਹਿਲਾ ਫਰਜ਼ ਹੈ। ਉਨ੍ਹਾਂ ਨੇ ਇਸ ਮੌਕੇ ਰਾਜਨੀਤਕ ਲਾਹਾ ਲੈਂਦੇ ਹੋਏ ਸਾਰੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਨੂੰ ਇਸ (ਪ੍ਰਭੂਸਤਾ ਦੇ) ਮੁੱਦੇ ’ਤੇ ਇਕਜੁੱਟ ਹੋਣ ਦੀ ਅਪੀਲ ਵੀ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ