ਸਰਹੱਦੀ ਪਿੰਡ ਮੋਦੇ ਵਿਖੇ ਭਰਾ ਦੀ ਵੋਟ ਦੂਸਰਾ ਭਰਾ ਪਾਉਣ ਲੱਗਾ ਤੇ ਪੈ ਗਿਆ ਪੰਗਾ
ਅਟਾਰੀ, (ਅੰਮ੍ਰਿਤਸਰ), 15 ਅਕਤੂਬਰ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)- ਭਾਰਤ-ਪਾਕਿਸਤਾਨ ਸਰਹੱਦ ਨਜ਼ਦੀਕ ਵਸੇ ਪਿੰਡ ਮੋਦੇ ਵਿਖੇ ਵੋਟ ਪਾਉਣ ਨੂੰ ਲੈ ਕੇ ਤਕਰਾਰ ਹੋ ਗਿਆ। ਇਕੱਠੇ ਹੋਏ ਲੋਕਾਂ ਨੇ ਗੱਲਬਾਤ ਕਰਦੇ ਦੱਸਿਆ ਕਿ ਇਕ ਭਰਾ ਦੂਸਰੇ ਭਰਾ ਦੀ ਵੋਟ ਪਾ ਰਿਹਾ ਸੀ। ਦੂਸਰੀ ਧਿਰ ਨੇ ਵਿਰੋਧ ਕੀਤਾ ਤਾਂ ਝਗੜਾ ਹੋ ਗਿਆ। ਇਸ ਸੰਬੰਧੀ ਕਾਂਗਰਸੀ ਆਗੂ ਅਜੇਪਾਲ ਸਿੰਘ ਰੰਧਾਵਾ ਨੂੰ ਜਦੋਂ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਪੁਲਿਸ ਥਾਣਾ ਘਰਿੰਡਾ ਦੇ ਐਸ. ਐਚ. ਓ. ਕਰਮਪਾਲ ਸਿੰਘ ਰੰਧਾਵਾ ਭਾਰੀ ਪੁਲਿਸ ਫੋਰਸ ਨਾਲ ਘਟਨਾ ਸਥਾਨ ਤੇ ਪਹੁੰਚੇ ਅਤੇ ਸਥਿਤੀ ’ਤੇ ਕਾਬੂ ਪਾਇਆ। ਸਰਕਾਰੀ ਹਾਈ ਸਕੂਲ ਮੋਦੇ ਵਿਖੇ ਵੋਟਾਂ ਪੈ ਰਹੀਆਂ ਸਨ। ਬੂਥਾਂ ਦੇ ਬਾਹਰ ਅਤੇ ਸਕੂਲ ਦੇ ਅੰਦਰ ਸੈਂਕੜੇ ਲੋਕ ਮੌਜੂਦ ਸਨ, ਜਿਨ੍ਹਾਂ ਨੂੰ ਪੁਲਿਸ ਵਲੋਂ ਗੇਟ ਤੋਂ ਬਾਹਰ ਭੇਜਿਆ ਗਿਆ। ਅਜੇਪਾਲ ਸਿੰਘ ਰੰਧਾਵਾ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਪਾਸੋਂ ਜਾਣਕਾਰੀ ਹਾਸਿਲ ਕੀਤੀ।