ਮਾਮੂਲੀ ਝਗੜੇ ਦਾ ਇਲਜ਼ਾਮ ਲਗਾ ਕੇ ਪੁਲਿਸ ਨੇ ਚੁੱਕਿਆ ਅਕਾਲੀ ਸਰਪੰਚ ਉਮੀਦਵਾਰ
ਫ਼ਰੀਦਕੋਟ, 15 ਅਕਤੂਬਰ (ਜਸਵੰਤ ਸਿੰਘ ਪੁਰਬਾ)- ਪਿੰਡ ਮਚਾਕੀ ਖੁਰਦ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਸਰਪੰਚ ਦੇ ਉਮੀਦਵਾਰ ਮਨਿੰਦਰ ਸਿੰਘ ਉਰਫ਼ ਨੀਲਾ ਸਰਪੰਚ ਨੂੰ ਅੱਜ ਪੁਲਿਸ ਵਲੋਂ ਰਾਊਂਡਅਪ ਕਰ ਲਿਆ ਗਿਆ, ਜਿਨ੍ਹਾਂ ’ਤੇ ਪਿੰਡ ’ਚ ਲੜਾਈ ਦੇ ਇਲਜ਼ਾਮ ਲੱਗੇ ਸਨ। ਇਸ ਗੱਲ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਥਾਣਾ ਸਦਰ ਫ਼ਰੀਦਕੋਟ ਵਿਖੇ ਪਹੁੰਚੇ ਅਤੇ ਉਨ੍ਹਾਂ ਵਲੋਂ ਉਮੀਦਵਾਰ ਨੂੰ ਛੱਡਣ ਦੀ ਮੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਵਲੋਂ ਪਹਿਲਾਂ ਹੀ ਉਨ੍ਹਾਂ ਦੇ ਸਰਪੰਚ ਉਮੀਦਵਾਰ ਮਨਿੰਦਰ ਸਿੰਘ ਦੇ ਕਾਗ਼ਜ਼ ਰੱਦ ਕਰਵਾਉਣ ਦੀ ਪੂਰੀ ਵਾਹ ਲਾਈ ਸੀ, ਜਿਸ ਦੇ ਚੱਲਦਿਆਂ ਅਸੀਂ ਮਾਣਯੋਗ ਹਾਈਕੋਰਟ ਦਾ ਰੁਖ਼ ਕੀਤਾ ਸੀ। ਅੱਜ ਵੀ ਆਮ ਆਦਮੀ ਪਾਰਟੀ ਦੇ ਵਰਕਰ ਉਨ੍ਹਾਂ ਦੇ ਗਲ ਪਏ, ਪਰ ਉਲਟਾ ਪੁਲਿਸ ਉਨ੍ਹਾਂ ਦੇ ਉਮੀਦਵਾਰ ਨੂੰ ਹੀ ਚੁੱਕ ਲਿਆਈ, ਜਿਸ ਦਾ ਸਿੱਧਾ ਮਤਲਬ ਦੂਜੀ ਧਿਰ ਵੋਟਿੰਗ ਮੌਕੇ ਧਾਂਦਲੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪਿੰਡ ਵਾਸੀਆਂ ’ਤੇ ਵੀ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਜਦਕਿ ਵੋਟਿੰਗ ਦਾ ਸਮਾਂ ਸਿਰਫ਼ ਚਾਰ ਘੰਟੇ ਬਚਿਆ ਹੈ ਅਤੇ ਉਨ੍ਹਾਂ ਦੇ ਉਮੀਦਵਾਰ ਨੂੰ ਖ਼ੁਦ ਵੀ ਵੋਟ ਨਹੀਂ ਕਰਨ ਦਿੱਤੀ ਗਈ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਸਾਥੀ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ, ਤਾਂ ਉਹ ਸੜਕਾਂ ਜਾਮ ਕਰਨਗੇ।