ਪਿੰਡ ਪੱਖੋ ਕਲਾਂ ਵਿਖੇ ਵੋਟਰਾਂ ਨੂੰ ਕਰਨਾ ਪੈ ਰਿਹਾ ਅਨੇਕਾਂ ਮੁਸ਼ਕਿਲਾਂ ਦਾ ਸਾਹਮਣਾ
ਰੂੜੇਕੇ ਕਲਾਂ, (ਬਰਨਾਲਾ), 15 ਅਕਤੂਬਰ (ਗੁਰਪ੍ਰੀਤ ਸਿੰਘ ਕਾਹਨੇ ਕੇ)- ਜ਼ਿਲ੍ਹਾ ਬਰਨਾਲਾ ਦੇ ਪਿੰਡ ਪੱਖੋ ਕਲਾਂ ਵਿਖੇ ਬੂਥ ਨੰਬਰ 22 ’ਤੇ ਪਿੰਡ ਦੇ ਵੋਟਰਾਂ ਦਾ ਭਾਰੀ ਇਕੱਠ ਸਵੇਰੇ ਤੋਂ ਲੈ ਕੇ ਹੋਇਆ ਹੈ, ਜਿਸ ਕਰਕੇ ਵੋਟਿੰਗ ਮੱਠੀ ਚਾਲ ਦੇ ਨਾਲ ਹੋਣ ਕਰਕੇ ਵੋਟਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੀ ਵੋਟ ਪਾਉਣ ਆਏ ਵੋਟਰਾਂ ਨੇ ਦੱਸਿਆ ਕਿ ਅਸੀਂ ਸਵੇਰੇ ਤੋਂ ਲੈ ਕੇ ਲੰਮੀਆਂ ਲਾਈਨਾਂ ਦੇ ਵਿਚ ਖੜ੍ਹੇ ਹਾਂ ਤੇ ਸਹੀ ਸਮੇਂ ਅਨੁਸਾਰ ਸਾਡੀਆਂ ਵੋਟਾਂ ਦਾ ਭੁਗਤਾਨ ਨਹੀਂ ਹੋ ਰਿਹਾ ਹੈ। ਵੋਟਰਾਂ ਦੇ ਖੜਨ ਬੈਠਣ ਜਾਂ ਤੇ ਪਾਣੀ ਦਾ ਵੀ ਪੂਰਾ ਪ੍ਰਬੰਧ ਨਹੀਂ ਹੈ। ਵੋਟਰਾਂ ਨੇ ਕਿਹਾ ਕਿ ਇਸ ਬੂਥ ਤੇ ਕੁੱਲ 1455 ਵੋਟਾਂ ਹਨ ਜਿਸ ਵਿਚੋਂ ਸਿਰਫ਼ 400 ਵੋਟਾਂ ਦਾ ਹੀ ਭੁਗਤਾਨ ਹੋਇਆ ਹੈ। ਸੈਂਕੜੇ ਵੋਟਰ ਲਾਈਨਾਂ ਵਿਚ ਖੜ੍ਹ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਹਨ। ਇਕੱਤਰ ਸਮੂਹ ਵੋਟਰਾਂ ਨੇ ਚੋਣ ਕਮਿਸ਼ਨ ਪੰਜਾਬ ਤੋਂ ਮੰਗ ਕੀਤੀ ਹੈ ਕਿ ਬੂਥ ਨੰਬਰ 22 ਪਿੰਡ ਪੱਖੋ ਕਲਾਂ ਵਿਖੇ ਵੋਟਰਾਂ ਦੀਆਂ ਵੋਟਾਂ ਦੇ ਭੁਗਤਾਨ ਦਾ ਤੁਰੰਤ ਪ੍ਰਬੰਧ ਕੀਤਾ ਜਾਵੇ ਤਾਂ ਕਿ ਸਾਰੇ ਵੋਟਰ ਆਪਣੀ ਵੋਟ ਦੇ ਮਿਲੇ ਅਧਿਕਾਰ ਦੀ ਵਰਤੋਂ ਕਰ ਸਕਣ। ਜੇਕਰ ਵੋਟਰਾਂ ਦੀ ਵੋਟ ਭੁਗਤਾਨ ਦਾ ਪ੍ਰਬੰਧ ਨਾ ਹੋ ਸਕਿਆ ਤਾਂ ਵੱਡੀ ਗਿਣਤੀ ਵੋਟਰ ਆਪਣੀ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝੇ ਰਹਿ ਜਾਣਗੇ।