ਜ਼ਿਲ੍ਹਾ ਪਟਿਆਲਾ ਦੇ ਪਿੰਡ ਲਲੀਨਾ ਵਿਚ ਜਾਰੀ ਕੀਤੇ ਬੈਲਟ ਪੇਪਰ ਵਿਚ ਹੋਈ ਤਬਦੀਲੀ ਕਾਰਨ ਛਿੜਿਆ ਵਿਵਾਦ
ਸਨੌਰ, 15 ਅਕਤੂਬਰ (ਗੀਤਵਿੰਦਰ ਸੋਖਲ/ਮੋਹਣ ਸਿੰਘ ਭੱਟੀ)- ਸੂਬਾ ਸਰਕਾਰ ਵਲੋਂ ਪੰਜਾਬ ਦੀ ਆਵਾਮ ਨੂੰ ਪਿੰਡਾਂ ਵਿਚ ਸਰਬ ਸੰਮਤੀ ਕਰਕੇ ਭਾਈਚਾਰਾ ਕਾਇਮ ਰੱਖਿਆ ਜਾਵੇ, ਇਸ ਤਰ੍ਹਾਂ ਦੇ ਬਿਆਨ ਆਮ ਹੀ ਮੁੱਖ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕਾ ਵਲੋਂ ਕੀਤੇ ਜਾ ਰਹੇ ਹਨ ਪ੍ਰੰਤੂ ਇਹ ਗੱਲ ਕਿਤੇ ਨਾ ਕਿਤੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਅਧੀਨ ਪਿੰਡ ਲਲੀਨਾ ਵਿਚ ਝੂਠੀ ਸਾਬਤ ਹੋ ਰਹੀ ਹੈ। ਇਥੋਂ ਦੇ ਵੋਟਾਂ ਵਿਚ ਖੜੇ ਮੈਂਬਰ ਉਮੀਦਵਾਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵਲੋਂ ਨਾਜਾਇਜ਼ ਧੱਕਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ ਦਾ ਚੋਣ ਨਿਸ਼ਾਨ ਬੀ. ਡੀ. ਪੀ. ਓ. ਦਫ਼ਤਰ ਵਲੋਂ ਦੱਸਿਆ ਗਿਆ ਟੀ.ਵੀ. ਸੀ, ਜਿਸ ਨੂੰ ਬਦਲ ਕੇ ਕੂਲਰ ਚੋਣ ਨਿਸ਼ਾਨ ਆਇਆ ਹੈ। ਇਸ ਸੰਬੰਧੀ ਹੋਰ ਮੈਂਬਰਾਂ ਦੇ ਨਾਲ ‘ਅਜੀਤ’ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲਖਵੀਰ ਚੰਦ ਦਾ ਚੋਣ ਨਿਸ਼ਾਨ ਲੈਟਰ ਬਾਕਸ ਤੋਂ ਹਾਕੀ, ਬਲਵਿੰਦਰ ਕੌਰ ਦਾ ਚੋਣ ਨਿਸ਼ਾਨ ਫੁਹਾਰਾ ਤੋਂ ਟੈਂਕੀ, ਪਰਮਜੀਤ ਕੌਰ ਦਾ ਚੋਣ ਨਿਸ਼ਾਨ ਪੈਟਰੋਲ ਪੰਪ ਤੋਂ ਇੰਜਣ ਆਇਆ ਹੈ। ਉਮੀਦਵਾਰਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੋਟਾਂ ਸੰਬੰਧਿਤ ਅਧਿਕਾਰੀਆਂ ਵਲੋਂ ਅੱਜ ਵੋਟਾਂ ਵਾਲੇ ਦਿਨ ਬੈਲਟ ਪੇਪਰ ਦਿਖਾਇਆ ਗਿਆ, ਜਿਸ ਤੋਂ ਕਿਤੇ ਨਾ ਕਿਤੇ ਸਾਬਿਤ ਹੁੰਦਾ ਹੈ ਕਿ ਸਰਕਾਰੀ ਅਧਿਕਾਰੀ ਸੁਤੰਤਰਤਾਂ ਦੇ ਨਾਲ ਨਹੀਂ ਸੂਬਾ ਸਰਕਾਰ ਦੇ ਨਕਸ਼ੇ ਕਦਮਾਂ ਉਤੇ ਚਲ ਰਹੇ ਹਨ। ਇਸ ਮੌਕੇ ’ਤੇ ਮੌਜੂਦ ਪਿੰਡ ਦੇ ਲੋਕਾਂ ਵਲੋਂ ਪੰਜਾਬ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਦੇ ਖ਼ਿਲਾਫ਼ ਨਾਅਰੇ ਲਗਾਏ ਗਏ। ਇਸ ਮੌਕੇ ਪੱਤਰਕਾਰਾਂ ਨੇ ਪਿੰਡ ਲਲੀਨਾ ਵਿਚ ਮੌਜੂਦ ਅਫ਼ਸਰ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਵਲੋਂ ਪੁੱਛੇ ਸਵਾਲਾਂ ਬਾਰੇ ਇਕ ਹੀ ਜਵਾਬ ਦਿੱਤਾ ਗਿਆ ਕਿ ਇਸ ਬਾਰੇ ਉਪਰੋਂ ਪੁੱਛਿਆ ਜਾਵੇ। ਖਬਰ ਲਿਖੇ ਜਾਣ ਤੱਕ ਮੁੱਢਲੀ ਜਾਣਕਾਰੀ ਅਨੁਸਾਰ ਪ੍ਰਸ਼ਾਸਨ ਪਿੰਡ ਵਾਸੀਆਂ ਨਾਲ ਸਹਿਮਤੀ ਬਣਵਾਉਣ ਵਿਚ ਜੁੱਟਿਆ ਹੋਇਆ ਸੀ।