ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਹੈਰੋਇਨ ਤੇ ਡਰੱਗ ਮਨੀ ਸਮੇਤ ਕੀਤਾ ਗਿ੍ਫ਼ਤਾਰ
ਚੰਡੀਗੜ੍ਹ, 10 ਅਕਤੂਬਰ- ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਨੈਟਵਰਕ ਦੇ ਖ਼ਿਲਾਫ਼ ਇਕ ਵੱਡੀ ਸਫ਼ਲਤਾ ਪ੍ਰਾਪਤ ਕਰਦੇ ਹੋਏ, ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਉਨ੍ਹਾਂ ਦੇ ਕਬਜ਼ੇ ਵਿਚੋਂ 4.5 ਕਿਲੋਗ੍ਰਾਮ ਹੈਰੋਇਨ ਅਤੇ 4.32 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀ.ਜੀ.ਪੀ. ਪੰਜਾਬ ਵਲੋਂ ਟਵੀਟ ਕਰ ਸਾਂਝੀ ਕੀਤੀ ਗਈ। ਉਨ੍ਹਾਂ ਕਿਹਾ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ਼ ਆਕਾਸ਼ ਅਤੇ ਸਤਵਿੰਦਰਪਾਲ ਸਿੰਘ ਉਰਫ਼ ਸੱਤੀ ਅਤੇ ਗੁਰਮੇਜ ਸਿੰਘ ਵਜੋਂ ਹੋਈ ਹੈ। ਗੁਰਮੇਜ ਸਿੰਘ ਜੇਲ੍ਹ ਵਾਰਡਨ ਹੈ ਅਤੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਤਾਇਨਾਤ ਹੈ। ਗੁਰਮੇਜ ਜੇਲ੍ਹ ਵਿਚ ਬੰਦ ਕੈਦੀਆਂ ਨੂੰ ਹੈਰੋਇਨ ਸਪਲਾਈ ਕਰਦਾ ਸੀ। ਮੁਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਅਕਾਸ਼ਦੀਪ ਸਿੰਘ ਅਤੇ ਸਤਿੰਦਰਪਾਲ ਸਿੰਘ ਪਾਕਿਸਤਾਨ ਸਥਿਤ ਨਸ਼ਾ ਤਸਕਰਾਂ ਦੇ ਸਿੱਧੇ ਸੰਪਰਕ ਵਿਚ ਸਨ, ਜੋ ਕਿ ਸਰਹੱਦ ਪਾਰ ਤੋਂ ਨਸ਼ਿਆਂ ਦੀ ਢੋਆ-ਢੁਆਈ ਲਈ ਡਰੋਨ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।